ਸੰਗਰੂਰ/ਭਵਾਨੀਗੜ੍ਹ, 9 ਦਸੰਬਰ | ਇਥੋਂ ਦੇ ਪਿੰਡ ਭੱਟੀਵਾਲ ਕਲਾਂ ਦੇ ਸਰਕਾਰੀ ਸਕੂਲ ਦੇ ਇਕ ਅਧਿਆਪਕ ਵੱਲੋਂ 12ਵੀਂ ਜਮਾਤ ਦੇ 3 ਵਿਦਿਆਰਥੀਆਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚਿਆਂ ਦੀ ਕੁੱਟਮਾਰ ਦੀ ਸਾਰੀ ਘਟਨਾ ਸਕੂਲ ਦੇ ਕਲਾਸ ਰੂਮ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ।
ਜਦੋਂ ਪੀੜਤ ਬੱਚਿਆਂ ਨੇ ਪਿੰਡ ਦੇ ਸਰਪੰਚ ਨੂੰ ਮਾਮਲੇ ਬਾਰੇ ਦੱਸਿਆ ਤਾਂ ਸਕੂਲ ਪਹੁੰਚੇ ਸਰਪੰਚ ਤੇ ਉਸ ਦੇ ਸਾਥੀਆਂ ਨਾਲ ਵੀ ਉਕਤ ਅਧਿਆਪਕ ਤੇ ਸਟਾਫ਼ ਵੱਲੋਂ ਮਾੜਾ ਵਿਵਹਾਰ ਕੀਤਾ ਗਿਆ। ਸਕੂਲ ਪੁੱਜੀ ਪੁਲਿਸ ਨੇ ਇਕ ਵਾਰ ਮਾਮਲਾ ਸ਼ਾਂਤ ਕਰਵਾਉਂਦਿਆਂ ਦੋਵਾਂ ਧਿਰਾਂ ਨੂੰ ਥਾਣੇ ਬੁਲਾ ਲਿਆ ਜਦੋਂਕਿ ਸਿੱਖਿਆ ਵਿਭਾਗ ਦੇ ਜ਼ਿਲਾ ਅਧਿਕਾਰੀ ਨੇ ਮਾਮਲੇ ਦੀ ਵਿਭਾਗੀ ਜਾਂਚ ਕਰਵਾਉਣ ਦੀ ਗੱਲ ਕਹੀ ਹੈ। ਸਕੂਲ ਦੇ ਪ੍ਰਿੰਸੀਪਲ ਵੀ ਅਧਿਆਪਕ ਦੇ ਸਮਰਥਨ ਵਿਚ ਖੜ੍ਹੇ ਨਜ਼ਰ ਆਏ ਅਤੇ ਉਨ੍ਹਾਂ ਕਿਹਾ ਕਿ ਜੇਕਰ ਬੱਚੇ ਕੋਈ ਸ਼ਰਾਰਤ ਕਰਦੇ ਹਨ ਤਾਂ ਉਨ੍ਹਾਂ ਨੂੰ ਸਮਝਾਉਣਾ ਤਾਂ ਪਵੇਗਾ ਹੀ। ਇਸ ਦੇ ਬਾਵਜੂਦ ਉਨ੍ਹਾਂ ਨੇ ਮਾਮਲੇ ਦੀ ਰਿਪੋਰਟ ਆਪਣੇ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ।
ਦੂਜੇ ਪਾਸੇ ਮਾਮਲੇ ਸਬੰਧੀ ਪਿੰਡ ਦੇ ਸਰਪੰਚ ਜਸਕਰਨ ਸਿੰਘ ਨੇ ਦੱਸਿਆ ਕਿ ਜਦੋਂ ਸਕੂਲੀ ਬੱਚੇ ਕੁੱਟਮਾਰ ਦੀ ਸ਼ਿਕਾਇਤ ਲੈ ਕੇ ਉਨ੍ਹਾਂ ਕੋਲ ਆਏ ਤਾਂ ਉਹ ਮਾਮਲੇ ਸਬੰਧੀ ਆਪਣੇ ਪਿੰਡ ਦੇ ਇਕ ਜ਼ਿੰਮੇਵਾਰ ਵਿਅਕਤੀ ਨੂੰ ਨਾਲ ਲੈ ਕੇ ਪ੍ਰਿੰਸੀਪਲ ਕੋਲ ਗੱਲ ਕਰਨ ਲਈ ਗਏ ਤਾਂ ਇਸ ਦੌਰਾਨ ਸਕੂਲ ਸਟਾਫ਼ ਵੱਲੋਂ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਗਿਆ। ਜਦੋਂ ਉਹ ਪ੍ਰਿੰਸੀਪਲ ਨਾਲ ਗੱਲ ਕਰ ਰਹੇ ਸਨ ਤਾਂ ਉਕਤ ਅਧਿਆਪਕ ਨੇ ਬਾਹਰ ਬੱਚਿਆਂ ਦੇ ਮਾਪਿਆਂ ਨਾਲ ਗਾਲੀ-ਗਲੋਚ ਕਰਕੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਤੇ ਬਾਅਦ ਵਿਚ ਅਧਿਆਪਕ ਖੁਦ ਹੀ ਜਾ ਕੇ ਹਸਪਤਾਲ ਦਾਖਲ ਹੋ ਗਿਆ। ਅਧਿਆਪਕ ਨੇ ਕਿਹਾ ਕਿ ‘ਜੋ ਵੀ ਬੰਬ ਸੁੱਟਣਾ ਹੈ ਸੁੱਟ ਦਿਓ, ਮੈਂ ਕਿਸੇ ਤੋਂ ਨਹੀਂ ਡਰਦਾ।’
ਸਿੱਖਿਆ ਵਿਭਾਗ ਸੰਗਰੂਰ ਦੇ ਡਿਪਟੀ ਡੀਈਓ ਪ੍ਰੀਤਇੰਦਰ ਘਈ ਨੇ ਫੋਨ ‘ਤੇ ਦੱਸਿਆ ਕਿ ਭੱਟੀਵਾਲ ਕਲਾਂ ਸਕੂਲ ਦਾ ਮਾਮਲਾ ਅੱਜ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ। ਇਸ ਸਬੰਧੀ ਸੋਮਵਾਰ ਨੂੰ ਵਿਭਾਗੀ ਜਾਂਚ ਕਰਵਾਈ ਜਾਵੇਗੀ।