ਸੰਗਰੂਰ : ਭਿਆਨਕ ਹਾਦਸੇ ‘ਚ PRTC ਚਾਲਕ ਦੀ ਮੌਤ, ਸੜਕ ਪਾਰ ਕਰਦਾ ਕਾਰ ਦੀ ਲਪੇਟ ‘ਚ ਆਇਆ

0
2071

ਸੰਗਰੂਰ/ਭਵਾਨੀਗੜ੍ਹ, 25 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸਥਾਨਕ ਬੱਸ ਅੱਡੇ ਨੇੜੇ ਬੀਤੀ ਰਾਤ ਸੜਕ ਪਾਰ ਕਰਦਿਆਂ ਤੇਜ਼ ਰਫ਼ਤਾਰ ਕਾਰ ਦੀ ਲਪੇਟ ‘ਚ ਆਉਣ ਕਾਰਨ ਪੀ. ਆਰ. ਟੀ. ਸੀ. ਦੇ ਡਰਾਈਵਰ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿੰਡ ਭਿੰਡਰਾਂ ਦੇ ਮਨਵੀਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਪਿਤਾ ਜਸਵੀਰ ਰਾਮ ਪੀ. ਆਰ. ਟੀ. ਸੀ. ਵਿਚ ਠੇਕੇ ‘ਤੇ ਡਰਾਈਵਰ ਸੀ, ਜੋ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ‘ਤੇ ਗਿਆ ਸੀ।

ਮਨਵੀਰ ਨੇ ਦੱਸਿਆ ਕਿ ਬੀਤੀ ਰਾਤ ਕਿਸੇ ਰਾਹਗੀਰ ਨੇ ਉਸ ਨੂੰ ਫ਼ੋਨ ‘ਤੇ ਕਿਹਾ ਕਿ ਉਸ ਦੇ ਪਿਤਾ ਜਸਵੀਰ ਰਾਮ ਨੂੰ ਭਵਾਨੀਗੜ੍ਹ ਬੱਸ ਸਟੈਂਡ ਨੇੜੇ ਸੜਕ ਪਾਰ ਕਰਦੇ ਸਮੇਂ ਇਕ ਤੇਜ਼ ਰਫ਼ਤਾਰ ਅਣਪਛਾਤੀ ਕਾਰ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਜਸਵੀਰ ਰਾਮ ਨੂੰ ਕਾਫੀ ਸੱਟਾਂ ਲੱਗਣ ਕਰਕੇ ਗੰਭੀਰ ਜ਼ਖ਼ਮੀ ਹੋ ਗਿਆ ਹੈ। ਗੰਭੀਰ ਹਾਲਤ ਵਿਚ ਉਸ ਨੂੰ ਸਰਕਾਰੀ ਹਸਪਤਾਲ ਭਵਾਨੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੋਂ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ, ਜਦੋਂਕਿ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।

ਸ਼ਿਕਾਇਤਕਰਤਾ ਮਨਵੀਰ ਸਿੰਘ ਨੇ ਦੱਸਿਆ ਕਿ ਉਹ ਪਟਿਆਲਾ ਹਸਪਤਾਲ ਪਹੁੰਚੇ, ਜਿਥੇ ਡਾਕਟਰ ਨੇ ਉਸ ਦੇ ਪਿਤਾ ਜਸਵੀਰ ਨੂੰ ਮ੍ਰਿਤਕ ਐਲਾਨ ਦਿੱਤਾ। ਉਧਰ, ਥਾਣਾ ਭਵਾਨੀਗੜ੍ਹ ਦੇ ਏ. ਐੱਸ. ਆਈ. ਦਵਿੰਦਰ ਦਾਸ ਨੇ ਦੱਸਿਆ ਕਿ ਪੁਲਿਸ ਨੇ ਮਨਵੀਰ ਸਿੰਘ ਦੇ ਬਿਆਨਾਂ ‘ਤੇ ਅਣਪਛਾਤੀ ਕਾਰ ਦੇ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।