ਸੰਗਰੂਰ, 10 ਸਤੰਬਰ | ਪੰਜਾਬ ਦੀ ਸੰਗਰੂਰ ਜੇਲ੍ਹ ਤੋਂ ਗੈਂਗਸਟਰ ਆਮਨਾ ਦੀ ਵੀਡੀਓ ਲੀਕ ਹੋਈ ਹੈ। ਵੀਡੀਓ ‘ਚ ਗੈਂਗਸਟਰ ਆਪਣੀ ਬੈਰਕ ‘ਚੋਂ ਬਾਹਰ ਨਿਕਲਦਾ ਦਿਖਾਈ ਦੇ ਰਿਹਾ ਹੈ। ਵੀਡੀਓ ਲੀਕ ਹੋਣ ‘ਤੇ ਜੇਲ੍ਹ ਪ੍ਰਸ਼ਾਸਨ ‘ਚ ਹੜਕੰਪ ਮਚ ਗਿਆ। ਇਸ ਤੋਂ ਤੁਰੰਤ ਬਾਅਦ ਗੈਂਗਸਟਰ ਦੀ ਬੈਰਕ ਦੀ ਤਲਾਸ਼ੀ ਲਈ ਗਈ। ਬੈਰਕ ਵਿੱਚੋਂ ਇਕ ਮੋਬਾਇਲ ਫੋਨ ਬਰਾਮਦ ਹੋਇਆ ਹੈ। ਇਸ ਤੋਂ ਇਲਾਵਾ ਗੈਂਗਸਟਰ ਆਮਨਾ ਖਿਲਾਫ ਵੀ ਐੱਫ.ਆਈ.ਆਰ. ਦਰਜ ਕੀਤੀ ਹੈ। ਜ਼ਿਕਰਯੋਗ ਹੈ ਕਿ ਗੈਂਗਸਟਰ ਆਮਨਾ ਊਬਾ ਨੇ ਕੁਝ ਸਾਲ ਪਹਿਲਾਂ ਬਠਿੰਡਾ ‘ਚ ਗੈਂਗਸਟਰ ਕੁਲਬੀਰ ਨੂਰਵਾਣਾ ‘ਤੇ ਹਮਲਾ ਕੀਤਾ ਸੀ। ਗੈਂਗਸਟਰ ਆਮਨਾ ਪਿੰਡ ਦਾ ਸਰਪੰਚ ਵੀ ਰਹਿ ਚੁੱਕਾ ਹੈ।

ਇਸ ਤੋਂ ਪਹਿਲਾਂ ਵੀ ਸੰਗਰੂਰ ਜੇਲ੍ਹ ਵਿੱਚੋਂ ਅੱਧੀ ਦਰਜਨ ਦੇ ਕਰੀਬ ਕੈਦੀਆਂ ਦੀ ਇਕ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ‘ਚ ਕੈਦੀਆਂ ਨੇ ਤਤਕਾਲੀ ਜੇਲ ਸੁਪਰਡੈਂਟ ਅਤੇ ਹੋਰ ਜੇਲ ਸਟਾਫ ‘ਤੇ ਉਨ੍ਹਾਂ ਤੋਂ ਪੈਸੇ ਵਸੂਲਣ ਦਾ ਦੋਸ਼ ਲਗਾਇਆ ਸੀ। ਕੈਦੀਆਂ ਦਾ ਦੋਸ਼ ਸੀ ਕਿ ਉਨ੍ਹਾਂ ਤੋਂ 35 ਹਜ਼ਾਰ ਰੁਪਏ ਲਏ ਗਏ ਅਤੇ ਫਿਰ 1-1 ਲੱਖ ਰੁਪਏ ਦੀ ਮੰਗ ਕੀਤੀ ਗਈ। ਇਸ ਤੋਂ ਬਾਅਦ ਸੰਗਰੂਰ ਦੇ ਤਤਕਾਲੀ ਐਸਐਸਪੀ ਡਾਕਟਰ ਸੰਦੀਪ ਗਰਗ ਨੇ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਪੁਲਿਸ ਅਧਿਕਾਰੀਆਂ ਨੂੰ ਸੌਂਪ ਦਿੱਤੀ ਸੀ।

ਇੱਥੋਂ ਤੱਕ ਕਿ ਬਠਿੰਡਾ ਦੀ ਹਾਈ ਸਕਿਓਰਿਟੀ ਜੇਲ੍ਹ ਵਿੱਚੋਂ ਬਦਨਾਮ ਗੈਂਗਸਟਰ ਲਾਰੈਂਸ ਦਾ ਕਥਿਤ ਇੰਟਰਵਿਊ ਵੀ ਜਨਤਕ ਹੋ ਗਿਆ ਹੈ।ਗੋਇੰਦਵਾਲ ਜੇਲ੍ਹ ਵਿਚ ਬੰਦ ਲਾਰੈਂਸ ਗੈਂਗ ਦੇ ਗੈਂਗਸਟਰਾਂ ਦੀ ਜਸ਼ਨ ਮਨਾਉਣ ਦੀ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ‘ਚ ਗੈਂਗਸਟਰ ਸਚਿਨ ਭਵਾਨੀ, ਦੀਪਕ ਮੁੰਡੀ ਅਤੇ ਅੰਕਿਤ ਸਿਰਸਾ ਨਜ਼ਰ ਆਏ। ਲਾਰੈਂਸ ਗੈਂਗ ਦੇ ਉਕਤ ਗੈਂਗਸਟਰਾਂ ਨੇ ਗੋਇੰਦਵਾਲ ਜੇਲ ‘ਚ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਦੋ ਸਾਥੀਆਂ ਨੂੰ ਮਾਰਨ ਤੋਂ ਬਾਅਦ ਇਹ ਵੀਡੀਓ ਬਣਾਈ ਸੀ। ਹਰ ਵਾਰ ਗੈਂਗਸਟਰ ਜੇਲ੍ਹਾਂ ਅੰਦਰੋਂ ਵੀਡੀਓ ਜਾਰੀ ਕਰਕੇ ਪੰਜਾਬ ਪੁਲਿਸ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਹੇ ਹਨ।