ਸੰਗਰੂਰ| ਜੇਲ੍ਹ ‘ਚ ਵੱਡੀ ਘਟਨਾ ਵਾਪਰੀ ਹੈ। ਇੱਥੇ ਜੇਲ੍ਹ ਦੇ ਵਾਰਡਨ ਲਕਸ਼ਮਣ ਸਿੰਘ ‘ਤੇ ਤਿੰਨ ਕੈਦੀਆਂ ਨੇ ਹਮਲਾ ਕੀਤਾ ਹੈ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਹਾਸਲ ਜਾਣਕਾਰੀ ਮੁਤਾਬਕ 23 ਫਰਵਰੀ ਨੂੰ ਜਦੋਂ ਇਹ ਘਟਨਾ ਵਾਪਰੀ ਤਾਂ ਜੇਲ੍ਹ ਵਾਰਡਨ ਲਕਸ਼ਮਣ ਸਿੰਘ ਜੇਲ੍ਹ ਦੇ ਵਾਰਡ ਨੰਬਰ 6 ਤੇ 7 ਦੀ ਹਵਾਲਾਤ ਤੇ ਲੰਗਰ ਵਿੱਚ ਡਿਊਟੀ ‘ਤੇ ਸੀ।
ਇਸ ਦੌਰਾਨ ਸ਼ਾਮ 6:15 ਵਜੇ ਜੇਲ੍ਹ ਵਾਰਡਨ ਲਕਸ਼ਮਣ ਸਿੰਘ ‘ਤੇ ਤਿੰਨ ਕੈਦੀਆਂ ਨੇ ਹਮਲਾ ਕਰ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਇੱਕ ਐਚਆਈਵੀ ਪੌਜ਼ੇਟਿਵ ਕੈਦੀ ਨੇ ਇੱਕ ਤਿੱਖੇ ਚਮਚੇ ਨਾਲ ਪਹਿਲਾਂ ਆਪਣੇ ਆਪ ਨੂੰ ਕੱਟ ਲਾ ਕੇ ਜੇਲ੍ਹ ਵਾਰਡਨ ਉੱਤੇ ਹਮਲਾ ਕੀਤਾ। ਜੇਲ੍ਹ ਵਾਰਡਨ ਅਨੁਸਾਰ ਉਹ ਚਾਹੁੰਦਾ ਸੀ ਕਿ ਉਹ ਵੀ ਐਚਆਈਵੀ ਪੌਜ਼ੇਟਿਵ ਹੋ ਜਾਵੇ।
ਪੁਲਿਸ ਕੋਲ ਲਿਖਵਾਈ ਐਫਆਈਆਰ ਵਿੱਚ ਜੇਲ੍ਹ ਦੇ ਵਾਰਡਨ ਲਕਸ਼ਮਣ ਸਿੰਘ ਨੇ ਦੱਸਿਆ ਕਿ ਮੇਰੇ ‘ਤੇ ਜਾਨਲੇਵਾ ਹਮਲਾ ਹੋਇਆ, ਮੇਰੀ ਗਰਦਨ ‘ਤੇ ਕੋਈ ਭਾਰੀ ਚੀਜ਼ ਸੁੱਟੀ ਗਈ, ਜਿਸ ਤੋਂ ਬਾਅਦ ਮੈਂ ਹੇਠਾਂ ਡਿੱਗ ਗਿਆ। ਮੇਰੀ ਡਿਊਟੀ ਵਾਰਡ ਨੰਬਰ 6 ਤੇ 7 ਦੀ ਹਵਾਲਾਤ ਤੇ ਲੰਗਰ ‘ਚ ਸੀ। ਸ਼ਾਮ 6 ਵਜੇ ਕੈਦੀਆਂ ਨੂੰ ਬੰਦ ਕਰਨ ਲਈ ਵਾਰਡ ਨੰਬਰ 7 ‘ਚ ਗਿਆ ਤਾਂ ਉਸ ਸਮੇਂ ਮੇਰੇ ‘ਤੇ ਹਮਲਾ ਕੀਤਾ ਗਿਆ।
ਉਸ ਨੇ ਦੱਸਿਆ ਹੈ ਕਿ ਮੇਰੇ ‘ਤੇ ਹਮਲਾ ਕਰਨ ਵਾਲੇ ਕੈਦੀਆਂ ਵਿੱਚੋਂ ਇੱਕ ਐਚਆਈਵੀ ਪੌਜ਼ੇਟਿਵ ਹੈ। ਪਹਿਲਾਂ ਉਸ ਨੇ ਚਮਚੇ ਨਾਲ ਖੁਦ ਨੂੰ ਸੱਟ ਮਾਰੀ ਤੇ ਫਿਰ ਉਸ ਨਾਲ ਮੈਨੂੰ ਜ਼ਖਮੀ ਕਰਨ ਦੀ ਕੋਸ਼ਿਸ਼ ਕੀਤੀ। ਲੱਛਮਣ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਰਵੀ ਸਾਹਿਲ ਤੇ ਸੁਖਵਿੰਦਰ ਸਮੇਤ ਤਿੰਨ ਕੈਦੀਆਂ ਖਿਲਾਫ ਥਾਣਾ ਸਿਟੀ 1, ਸੰਗਰੂਰ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ।