ਸੰਗਰੂਰ : ਐਮਾਜ਼ਾਨ ਦੇ ਪ੍ਰਸਿੱਧ ਮਾਲ “ਟ੍ਰਿਪਲਏਸ” ਨੂੰ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ

0
1273

ਲਹਿਰਾਗਾਗਾ, 5 ਫਰਵਰੀ| ਲਹਿਰਾਗਾਗਾ ‘ਚ ਐਮਾਜ਼ਾਨ ਦੇ ਪ੍ਰਸਿੱਧ ਮਾਲ “ਟ੍ਰਿਪਲਏਸ” ਅੰਦਰ ਅੱਜ ਸ਼ਾਮੀ ਭਿਆਨਕ ਅੱਗ ਲੱਗਣ ਕਰ ਕੇ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਮਾਲ ਦਾ ਸਭ ਕੁਝ ਸੜ ਕੇ ਤਬਾਹ ਹੋ ਗਿਆ। ਘਟਨਾ ਵਾਲੀ ਥਾਂ ‘ਤੇ ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਮੌਕੇ ‘ਤੇ ਪਹੁੰਚੇ ਜਿਨ੍ਹਾਂ ਨੇ ਇਸ ਮੌਕੇ ਹਮਦਰਦੀ ਜਤਾਈ।

ਉਨ੍ਹਾਂ ਇਸ ਘਟਨਾ ਉੱਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਡੇ ਸ਼ਹਿਰ ਦੇ ਉਦਮੀ ਨੌਜਵਾਨਾਂ ਨੇ ਆਪਸ ਵਿਚ ਰਲ ਕੇ ਪੈਸੇ ਦਾ ਪ੍ਰਬੰਧ ਕਰਕੇ ਸ਼ਹਿਰ ਅੰਦਰ ਇੱਕ ਨਮੂਨੇ ਦੀ ਵਿਸ਼ਾਲ ਬਿਲਡਿੰਗ ਤਿਆਰ ਕਰਕੇ ਐਮਾਜ਼ਾਨ ਦਾ ਮਾਲ ਖੋਲ੍ਹਿਆ ਸੀ, ਜਿਸ ਨਾਲ ਇਲਾਕੇ ਦੇ ਲੋਕਾਂ ਦੀਆਂ ਵਾਜਬ ਰੇਟਾਂ ਉੱਪਰ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਸਨ।

ਇਨ੍ਹਾਂ ਨੌਜਵਾਨਾਂ ਦੇ ਮਨ ਦੀਆਂ ਬਹੁਤ ਰੀਝਾਂ ਸਨ ਕਿ ਅਸੀਂ ਇਸ ਮਾਲ ਦਾ ਦਾਇਰਾ ਹੋਰ ਵਿਸ਼ਾਲ ਕਰਕੇ ਆਪਣੇ ਲੋਕਾਂ ਨੂੰ ਸਸਤੇ ਵਿਚ ਚੰਗੀਆਂ ਸਹੂਲਤਾਂ ਪ੍ਰਦਾਨ ਕਰਾਂਗੇ ਪਰ ਪ੍ਰਮਾਤਮਾ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ, ਅੱਜ ਅਚਾਨਕ ਲੱਗੀ ਅੱਗ ਨੇ ਜਿਥੇ ਪਲ ਵਿਚ ਇਨ੍ਹਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਕਰ ਦਿੱਤਾ, ਉਥੇ ਇਨ੍ਹਾਂ ਬੱਚਿਆਂ ਦੀਆਂ ਆਸਾਂ ਉੱਪਰ ਪਾਣੀ ਫੇਰ ਕੇ ਰੱਖ ਦਿੱਤਾ ਹੈ।

ਜਦੋਂ ਵਿਧਾਇਕ ਨੂੰ ਸਰਕਾਰ ਵੱਲੋਂ ਆਰਥਿਕ ਮਦਦ ਕਰਨ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਸਰਕਾਰ ਨੂੰ ਬੇਨਤੀ ਜ਼ਰੂਰ ਕਰਾਂਗਾ ਕਿ ਕੁਦਰਤੀ ਆਫ਼ਤਾਂ ਰਾਹਤ ਫੰਡ ਵਿੱਚੋਂ ਇਨ੍ਹਾਂ ਨੂੰ ਵੀ ਰਾਹਤ ਦਿੱਤੀ ਜਾਵੇ। ਜਦੋਂ ਮਾਲ ਦੇ ਪ੍ਰੋਪਰਾਈਟਰ ਮੋਹਿਤ ਗੋਇਲ ਨਾਲ ਕੀਤੀ ਤਦ ਉਨ੍ਹਾਂ ਦੁਖੀ ਮਨ ਨਾਲ ਸਿਰਫ਼ ਐਨਾ ਹੀ ਦੱਸਿਆ ਕਿ ਅੱਗ ਨੇ ਕਰੀਬ 5 ਕਰੋੜ ਰੁਪਏ ਦਾ ਨੁਕਸਾਨ ਕਰ ਦਿੱਤਾ ਹੈ।