ਸੰਗਰੂਰ : ਜੇਲ੍ਹ ‘ਚ ਬੈਠੇ ਗੈਂਗਸਟਰ ਨੇ ਮੱਧ ਪ੍ਰਦੇਸ਼ ਤੋਂ ਮੰਗਵਾਏ 21 ਪਿਸਤੌਲ, ਰਸਤੇ ‘ਚ ਸਾਥੀ ਚੜ੍ਹੇ ਪੁਲਿਸ ਦੇ ਹੱਥੇ

0
3585

ਸੰਗਰੂਰ, 13 ਸਤੰਬਰ| ਮੰਗਲਵਾਰ ਨੂੰ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਪਟਿਆਲਾ ਰੇਂਜ ਨੇ ਪੁਲਿਸ ਲਾਇਨ, ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਸੰਗਰੂਰ ਪੁਲਿਸ ਨੇ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਫਿਰੌਤੀ ਮੰਗਣ ਤੇ ਹੱਤਿਆ ਸਮੇਤ ਹੋਰਨਾਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਚੱਕਰ ਵਿਚ ਬੈਠੇ ਗੈਂਗਸਟਰ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।

ਫਿਰੋਜ਼ਪੁਰ ਜੇਲ੍ਹ ਵਿਚ ਬੰਦ ਬੀ ਸ਼੍ਰੇਣੀ ਦੇ ਗੈਂਗਸਟਰ ਰਾਜੀਵ ਕੌਸ਼ਲ ਉਰਫ ਗੁੱਗੂ ਦੇ ਕਹਿਣ ’ਤੇ ਮੱਧ ਪ੍ਰਦੇਸ਼ ਤੋਂ 21 ਪਿਸਤੌਲ ਲੈ ਕੇ ਪੰਜ ਸਤੰਬਰ ਨੂੰ ਮਹਿਲਾ ਚੌਕ ਸੰਗਰੂਰ ’ਚ ਬੱਸ ’ਚੋਂ ਉੱਤਰੇ ਦੋ ਵਿਅਕਤੀਆਂ ਦੀ ਥਾਣਾ ਛਾਜਲੀ ਪੁਲਿਸ ਵੱਲੋਂ ਗ੍ਰਿਫਤਾਰੀ ਤੋਂ ਬਾਅਦ ਇਹ ਰਾਜ਼ ਖੁੱਲ੍ਹਿਆ ਹੈ।

ਦੋਵਾਂ ਮੁਲਜ਼ਮਾਂ ਨੇ ਪੁੱਛਗਿੱਛ ਵਿਚ ਦੱਸਿਆ ਕਿ ਪਿਸਤੌਲ ਉਕਤ ਗੈਂਗਸਟਰ ਨੇ ਜੇਲ੍ਹ ਵਿਚੋਂ ਹੀ ਫੋਨ ’ਤੇ ਮੱਧ ਪ੍ਰਦੇਸ਼ ਤੋਂ ਮੰਗਵਾਏ ਸਨ। ਇਸ ਤੋਂ ਬਾਅਦ ਸਰਗਰਮ ਹੋਈ ਪੁਲਿਸ ਨੇ 10 ਸਤੰਬਰ ਨੂੰ ਮੱਧ ਪ੍ਰਦੇਸ਼ ’ਚ ਪਿਸਤੌਲ ਸਪਲਾਈ ਕਰਨ ਵਾਲੇ ਸਪਲਾਇਰ ਖਮਾਲਾ, ਥਾਣਾ ਨਿਬੋਲਾ, ਜ਼ਿਲ੍ਹਾ ਬੁਰਹਾਨਪੁਰ, ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਗੁੱਡੂ ਬਰੇਲਾ ਨੂੰ ਗ੍ਰਿਫਤਾਰ ਕਰ ਲਿਆ।

ਉਸ ਨੂੰ ਟਰਾਂਜ਼ਿਟ ਰਿਮਾਂਡ ’ਤੇ ਲਿਆ ਗਿਆ ਹੈ। ਇਸ ਤੋਂ ਇਲਾਵਾ ਜੇਲ੍ਹ ਵਿਚ ਬੰਦ ਗੈਂਗਸਟਰ ਤੋਂ ਵੀ ਮੋਬਾਈਲ ਫੋਨ ਬਰਾਮਦ ਕਰ ਕੇ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਈ ਹੈ। ਮੁਲਜ਼ਮਾਂ ਦਾ ਸੱਤ ਦਿਨ ਦਾ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਰਾਜੀਵ ਗੈਂਗਸਟਰ ਰਵੀ ਬਲਾਚੌਰੀਆ ਗੈਂਗ ਦਾ ਮੈਂਬਰ ਹੈ। ਇਨ੍ਹਾਂ ਦਾ ਸਬੰਧ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਵੀ ਹੈ।