ਸਕੇ ਭਰਾਵਾਂ ਦੀ ਖੁਦਕੁਸ਼ੀ ਦਾ ਮਾਮਲਾ : ਪਿਤਾ ਦੀ ਪੁਲਿਸ ਨੂੰ ਚੇਤਾਵਨੀ- SHO ਤੇ ਬਾਕੀ 3 ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਈ ਤਾਂ ਲਾਸ਼ ਲੈ ਕੇ ਜਾਣਗੇ ਚੰਡੀਗੜ੍ਹ

0
723

ਜਲੰਧਰ| ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ ਇਕ ਵਿਚ ਕੁੱਟਮਾਰ ਤੇ ਜਲਾਲਤ ਤੋਂ ਤੰਗ ਆ ਕੇ ਗੋਇੰਦਵਾਲ ਪੁਲ ਤੋਂ ਬਿਆਸ ਦਰਿਆ ਵਿੱਚ ਛਾਲ ਮਾਰਨ ਵਾਲੇ ਢਿੱਲੋਂ ਭਰਾਵਾਂ ਮਾਨਵਜੀਤ ਅਤੇ ਜਸ਼ਨਬੀਰ ਢਿੱਲੋਂ ਦੇ ਪਿਤਾ ਜਤਿੰਦਰ ਪਾਲ ਸਿੰਘ ਨੇ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਜਸ਼ਨਬੀਰ ਦੀ ਲਾਸ਼ ਮਿਲਣ ਤੋਂ ਬਾਅਦ ਮਾਮਲਾ ਦਰਜ ਹੋਏ 3 ਦਿਨ ਬੀਤ ਚੁੱਕੇ ਹਨ ਪਰ ਅਜੇ ਤੱਕ ਨਾ ਤਾਂ ਐੱਸਐੱਚਓ ਨਵਦੀਪ ਅਤੇ ਨਾ ਹੀ ਉਸ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਹੋਈ ਹੈ।

ਉਨ੍ਹਾਂ ਕਿਹਾ ਕਿ ਜੇਕਰ ਤਿੰਨਾਂ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਬੁੱਧਵਾਰ ਨੂੰ ਉਨ੍ਹਾਂ ਦੇ ਲੜਕੇ ਜਸ਼ਨਬੀਰ ਦੀ ਮ੍ਰਿਤਕ ਦੇਹ ਨੂੰ ਕਪੂਰਥਲਾ ਹਸਪਤਾਲ ਦੇ ਮੁਰਦਾਘਰ ਤੋਂ ਜਲੰਧਰ ਲੈ ਕੇ ਆਉਣਗੇ। ਇਸ ਤੋਂ ਬਾਅਦ ਉਹ ਮ੍ਰਿਤਕ ਦੇਹ ਨੂੰ ਜਲੰਧਰ ਤੋਂ ਚੰਡੀਗੜ੍ਹ ਲੈ ਕੇ ਜਾਣਗੇ ਅਤੇ ਉਥੇ ਵੱਡਾ ਸੰਘਰਸ਼ ਵਿੱਢਣਗੇ। ਉਨ੍ਹਾਂ ਦੋਸ਼ ਲਾਇਆ ਕਿ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਨੂੰ ਲੱਭਣ ਵਿੱਚ ਨਾ ਤਾਂ ਪੁਲਿਸ ਪ੍ਰਸ਼ਾਸਨ ਨੇ ਕੋਈ ਮਦਦ ਕੀਤੀ ਅਤੇ ਨਾ ਹੀ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ।

16 ਅਗਸਤ ਨੂੰ ਮਾਨਵਜੀਤ ਨੂੰ ਥਾਣੇ ਵਿੱਚ ਜ਼ਲੀਲ ਕੀਤਾ ਗਿਆ ਅਤੇ ਤਸ਼ੱਦਦ ਕੀਤਾ ਗਿਆ
ਬਿਆਸ ਦਰਿਆ ਵਿੱਚ ਛਾਲ ਮਾਰਨ ਵਾਲੇ ਢਿੱਲੋਂ ਭਰਾਵਾਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਐਸਐਚਓ ਨਵਦੀਪ ਸਿੰਘ ਨੇ ਉਨ੍ਹਾਂ ਦੇ ਲੜਕੇ ਦੀ ਪੱਗ ਵੀ ਲਾਹ ਦਿੱਤੀ ਸੀ। ਐਸਐਚਓ ਨਵਦੀਪ ਨੇ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਦੀ ਵੀ ਬੇਅਦਬੀ ਕੀਤੀ ਸੀ। ਉਸ ਦੇ ਖਿਲਾਫ ਆਈਪੀਸੀ ਦੀ ਧਾਰਾ 295 ਦੇ ਤਹਿਤ ਬੇਅਦਬੀ ਦਾ ਮਾਮਲਾ ਦਰਜ ਕਰਨ ਲਈ ਵੀ ਕਿਹਾ ਸੀ। ਪਰ ਪੁਲਿਸ ਨੇ ਮਾਮਲੇ ਵਿੱਚ ਧਾਰਾ 295 ਨਹੀਂ ਲਗਾਈ।

ਦੋਵਾਂ ਨੌਜਵਾਨਾਂ ਨੂੰ ਥਾਣੇ ਤੋਂ ਬਾਹਰ ਕੱਢਿਆ ਗਿਆ
ਦੱਸ ਦੇਈਏ ਕਿ ਇਹ ਪੂਰਾ ਮਾਮਲਾ 16 ਅਗਸਤ ਦਾ ਹੈ। ਥਾਣਾ ਡਿਵੀਜ਼ਨ ਨੰਬਰ 1 ਵਿੱਚ ਕਿਸੇ ਪਰਿਵਾਰਕ ਝਗੜੇ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਲੜਕੀ ਪਰਮਿੰਦਰ ਕੌਰ ਦੀ ਤਰਫੋਂ ਮਾਨਵਜੀਤ ਅਤੇ ਜਸ਼ਨਬੀਰ ਥਾਣੇ ਗਏ ਹੋਏ ਸਨ। ਇਸ ਦੌਰਾਨ ਪੁਲਿਸ ਨੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਥਾਣੇ ਤੋਂ ਬਾਹਰ ਕੱਢ ਦਿੱਤਾ ਸੀ। ਪਰ ਕੁਝ ਸਮੇਂ ਬਾਅਦ ਪੁਲਿਸ ਮੁਲਾਜ਼ਮ ਭੇਜ ਕੇ ਮਾਨਵਜੀਤ ਨੂੰ ਅੰਦਰ ਬੁਲਾ ਲਿਆ ਗਿਆ। ਇਸ ਦੌਰਾਨ ਮਾਨਵਜੀਤ ਦੇ ਉੱਚੀ-ਉੱਚੀ ਚੀਕਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ।

ਜਦੋਂ ਜਸ਼ਨਬੀਰ ਤੇ ਹੋਰ ਪਰਿਵਾਰਕ ਮੈਂਬਰ ਥਾਣੇ ਗਏ ਤਾਂ ਉਥੇ ਐੱਸਐੱਚਓ ਨਵਦੀਪ ਸਿੰਘ, ਮੁਨਸ਼ੀ ਬਲਵਿੰਦਰ ਸਿੰਘ ਅਤੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਮਾਨਵਜੀਤ ਦੀ ਕੁੱਟਮਾਰ ਕਰ ਰਹੇ ਸਨ। ਇੱਥੋਂ ਤੱਕ ਕਿ ਉਸ ਦੀ ਪੱਗ ਵੀ ਉਤਾਰ ਦਿੱਤੀ ਗਈ ਸੀ। ਆਪਣੇ ਬਚਾਅ ਲਈ ਐੱਸਐੱਚਓ ਨਵਦੀਪ ਸਿੰਘ ਨੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਦੀ ਸ਼ਿਕਾਇਤ ’ਤੇ ਮਾਨਵਜੀਤ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 107/151 ਤਹਿਤ ਕੇਸ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।