2022 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਸਾਧੂ ਸਿੰਘ ਧਰਮਸੋਤ ਜਾਵੇਗਾ ਤਿੰਨ ਮਹੀਨਿਆਂ ‘ਚ ਜੇਲ੍ਹ – ਸੁਖਬੀਰ ਬਾਦਲ

0
930

ਚੰਡੀਗੜ੍ਹ | ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਇੱਥੇ ਵਜ਼ੀਫਾ ਘਪਲੇ ਸਬੰਧੀ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਲਾਏ ਧਰਨੇ ਵਿੱਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ 2022 ਵਿੱਚ ਚੋਣਾਂ ਜਿੱਤਣ ਮਗਰੋਂ ਉਹ ਤਿੰਨ ਮਹੀਨੇ ਅੰਦਰ ਧਰਮਸੋਤ ਨੂੰ ਜੇਲ੍ਹ ਭੇਜਣਗੇ। ਉਨ੍ਹਾਂ ਨੇ ਧਰਮਸੋਤ ਨੂੰ ਘਪਲੇ ਸਬੰਧੀ ਕਲੀਨ ਚਿੱਟ ਦੇਣ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਸ਼ਬਦੀ ਵਾਰ ਕੀਤੇ ਅਤੇ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ, ਦਲਿਤਾਂ ਅਤੇ ਨੌਜਵਾਨਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਪਿੱਛੇ ਹਟ ਰਹੀ ਹੈ।

ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਦੀ ਰਚਨਾ ਹੀ ਦਲਿਤ ਭਾਈਚਾਰੇ ਕਾਰਨ ਹੋਈ ਹੈ। ਅਕਾਲ ਤਖ਼ਤ ਨੂੰ ਆਜ਼ਾਦ ਕਰਾਉਣ ਲਈ ਅੱਗੇ ਆਏ 10 ਦਲਿਤਾਂ ਤੋਂ ਲੈ ਕੇ ‘ਕੰਮੀਆਂ ਦੇ ਵਿਹੜੇ’ ਦਾ ਜ਼ਿਕਰ ਕਰਦਿਆਂ ਉਨ੍ਹਾਂ ਭਾਈ ਸੰਗਤ ਸਿੰਘ ਦਾ ਸਿੱਖ ਇਤਿਹਾਸ ਵਿਚ ਮਹੱਤਵ ਦੱਸਿਆ। ਉਨ੍ਹਾਂ ਮੰਚ ਤੋਂ ਅਪੀਲ ਕੀਤੀ ਕਿ 2022 ਦੀਆਂ ਚੋਣਾਂ ਜਿੱਤ ਕੇ ਕਿਸੇ ਦਲਿਤ ਵਿਅਕਤੀ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਵੇ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਰਕਾਰ ਦਾ ਮੁੱਖ ਆਗੂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੀ ਮੁੱਕਰ ਗਿਆ ਹੈ।

ਇਸ ਦੌਰਾਨ ਪਟਿਆਲਾ ਗੇਟ ਚੌਕ ਵਿੱਚ ਧਰਨੇ ਪਿੱਛੋਂ ਜਦੋਂ ਅਕਾਲੀ ਸਮਰਥਕਾਂ ਸਮੇਤ ਪਾਰਟੀ ਪ੍ਰਧਾਨ ਨੇ ਧਰਮਸੋਤ ਦੀ ਕੋਠੀ ਵੱਲ ਕੂਚ ਕੀਤਾ ਤਾਂ ਪੁਲੀਸ ਨੇ ਉਨ੍ਹਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ। ਇਸ ਮੌਕੇ ਉਨ੍ਹਾਂ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਦੇ ਕੇ ਵਜ਼ੀਫ਼ਾ ਘੁਟਾਲੇ ਦੀ ਜਾਂਚ ਹਾਈ ਕੋਰਟ ਦੇ ਜੱਜ ਕੋਲੋਂ ਕਰਵਾਉਣ ਦੀ ਮੰਗ ਕੀਤੀ। ਬੁਲਾਰਿਆਂ ਨੇ ਕੇਂਦਰ ਸਰਕਾਰ ਦੇ ਪਰਾਲੀ ਸਾੜਨ ਸਬੰਧੀ ਵੱਡੇ ਜੁਰਮਾਨਿਆਂ ਦੇ ਫ਼ੈਸਲੇ ਦੀ ਵੀ ਨਿਖੇਧੀ ਕੀਤੀ। ਇਸ ਮੌਕੇ ਸਾਬਕਾ ਦਲਿਤ ਭਲਾਈ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਪਵਨ ਟੀਨੂੰ, ਐੱਨ.ਕੇ. ਸ਼ਰਮਾ, ਸੁਰਜੀਤ ਸਿੰਘ ਰੱਖੜਾ, ਐੱਸਜੀਪੀਸੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਪਾਰਟੀ ਹਲਕਾ ਇੰਚਾਰਜ ਕਬੀਰ ਦਾਸ ਨੇ ਸੰਬੋਧਨ ਕੀਤਾ।