ਚੰਡੀਗੜ੍ਹ | ਕਾਂਗਰਸ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਹੋਰ ਵੀ ਵਧਦੀਆਂ ਦਿਸ ਰਹੀਆਂ ਹਨ। ਇੱਕ ਪਾਸੇ ਆਮ ਆਦਮੀ ਪਾਰਟੀ ਸਰਕਾਰ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਦੀ ਸੀ.ਬੀ.ਆਈ. ਜਾਂਚ ਦੀ ਤਿਆਰੀ ਕਰ ਲਈ ਹੈ, ਜਿਸ ਵਿੱਚ ਧਰਮਸੋਤ ‘ਤੇ ਦੋਸ਼ ਲੱਗੇ ਹਨ, ਦੂਜੇ ਪਾਸੇ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਮਾਮਲੇ ਵਿੱਚ ਵੀ ਰਾਹਤ ਨਹੀਂ ਮਿਲ ਰਹੀ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਵੀ ਮਨਜ਼ੂਰ ਨਹੀਂ ਕੀਤੀ। ਹੁਣ ਅਦਾਲਤ ਇਸ ਦੀ ਸੁਣਵਾਈ 22 ਅਗਸਤ ਨੂੰ ਕਰੇਗੀ।
ਜਿਕਰਯੋਗ ਹੈ ਕਿ 16 ਅਗਸਤ ਨੂੰ ਹਾਈਕੋਰਟ ਵਲੋਂ ਸੁਣਵਾਈ ਕਰਦਿਆਂ ਸਾਧੂ ਸਿੰਘ ਧਰਮਸੋਤ ਨੂੰ ਕੋਈ ਰਾਹਤ ਨਹੀਂ ਮਿਲੀ। ਹਾਈਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ‘ਤੇ ਸੁਣਵਾਈ 18 ਅਗਸਤ ਤੱਕ ਟਾਲ ਦਿੱਤੀ ਸੀ। ਧਰਮਸੋਤ ਦੇ ਵਕੀਲ ਦਿਓਲ ਦਾ ਕਹਿਣਾ ਹੈ ਕਿ ਸਾਬਕਾ ਮੰਤਰੀ ਨੂੰ ਫਸਾਇਆ ਗਿਆ ਹੈ ਅਤੇ ਉਨ੍ਹਾਂ ਦੇ ਖਿਲਾਫ਼ ਰਿਸ਼ਵਤਖੋਰੀ ਦਾ ਕੋਈ ਸਿੱਧਾ ਸਬੂਤ ਨਹੀਂ ਹੈ।
ਜ਼ਿਕਰਯੋਗ ਹੈ ਕਿ ਸਾਧੂ ਸਿੰਘ ਧਰਮਸੋਤ ਨੂੰ ਵਿਜੀਲੈਂਸ ਬਿਊਰੋ ਨੇ 6 ਜੂਨ ਨੂੰ ਭ੍ਰਿਸ਼ਚਾਚਾਰ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੋਇਆ ਹੈ। ਧਰਮਸੋਤ ਕੈਪਟਨ ਅਮਰਿੰਦਰ ਸਿੰਘ ਦੇ ਸੀਐੱਮ ਰਹਿੰਦੇ ਸੂਬੇ ਦੇ ਜੰਗਲਾਤ ਮੰਤਰੀ ਸਨ। ਉਨ੍ਹਾਂ ‘ਤੇ ਦੋਸ਼ ਹੈ ਕਿ ਪਰਮਿਟ ਦੇ ਬਾਵਜੂਦ ਇੱਕ ਦਰੱਖਤ ਦੀ ਕਟਾਈ ਵਿਚ ਉਨ੍ਹਾਂ ਨੇ 500 ਰੁਪਏ ਦਾ ਕਮਿਸ਼ਨ ਲਿਆ। ਉਨ੍ਹਾਂ ਦੇ ਲਗਭਗ ਸਵਾ ਕਰੋੜ ਦੀ ਰਿਸ਼ਵਤਖੋਰੀ ਦਾ ਖੁਲਾਸਾ ਹੋਇਆ ਸੀ। ਜਿਸ ਦੇ ਬਾਅਦ ਵਿਜੀਲੈਂਸ ਨੇ ਧਰਮਸੋਤ ਨੂੰ ਉਨ੍ਹਾਂ ਦੇ ਅਮਲੋਹ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕਰ ਲਿਆ ਸੀ। ਸਾਧੂ ਸਿੰਘ ਧਰਮਸੋਤ ਨਾਲ ਉਨ੍ਹਾਂ ਦੇ ਓਐਸਡੀ ਚਮਕੌਰ ਸਿੰਘ ਵੀ ਸਨ।