ਅਕਾਲੀ ਦਲ ਵੱਲੋਂ ਪਟਿਆਲਾ ‘ਚ ਵਿਖਾਵਾਕਾਰੀ ਨਰਸਾਂ ਤੇ ਸਹਾਇਕ ਸਟਾਫ ’ਤੇ ਬੇਰਹਿਮੀ ਨਾਲ ਲਾਠੀਚਾਰਜ ਕਰਨ ਦੀ ਨਿਖੇਧੀ

0
553

ਚੰਡੀਗੜ੍ਹ/ਪਟਿਆਲਾ | ਸ਼੍ਰੋਮਣੀ ਅਕਾਲੀ ਦਲ ਨੇ ਪਟਿਆਲਾ ਵਿਚ ਮਹਿਲਾਵਾਂ ਸਮੇਤ ਕੋਰੋਨਾ ਹੈਲਥ ਵਰਕਰਾਂ ਜੋ ਕਾਂਗਰਸ ਸਰਕਾਰ ਵੱਲੋਂ ਕੋਰੋਨਾ ਕਾਲ ਵਿਚ ਦਿੱਤੀਆਂ ਸੇਵਾਵਾਂ ਲਈ ਉਹਨਾਂ ਨੂੰ ਰੈਗੂਲਰ ਕਰਨ ਦੇ ਕੀਤੇ ਵਾਅਦੇ ਮੁਤਾਬਕ ਰੈਗੂਲਰ ਕਰਨ ਦੀ ਮੰਗ ਕਰ ਰਹੇ ਸਨ, ਉਹਨਾਂ ’ਤੇ ਬੇਰਹਿਮੀ ਨਾਲ ਲਾਠੀਚਾਰਜ ਕਰਨ ਦੀ ਨਿਖੇਧੀ ਕੀਤੀ।

ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੁਲਿਸ ਨੇ ਪਟਿਆਲਾ ਵਿਚ ਇਕੱਲੇ ਹੋਏ ਇਹਨਾਂ ਕੋਰੋਨਾ ਵਾਰੀਅਰਜ਼ ’ਤੇ ਲਾਠੀਚਾਰਜ ਕਰ ਕੇ ਇਹਨਾਂ ਨੁੰ ਫੱਟੜ ਕਰ ਦਿੱਤਾ। ਇਹ ਵਰਕਰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੋਂ ਉਹਨਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕਰਨ ਆਏ ਸਨ। 

ਡਾ. ਚੀਮਾ ਨੇ ਕਿਹਾ ਕਿ ਪੁਲਿਸ ਨੇ ਮਹਿਲਾ ਨਰਸਾਂ ਤੇ ਸਹਾਇਕ ਸਟਾਫ ਨਾਲ ਬਹੁਤ ਬੇਰਹਿਮੀ ਤੇ ਧੱਕੇਸ਼ਾਹੀ ਕੀਤੀ ਕਿਉਂਕਿ ਉਹ ਕਾਂਗਰਸ ਸਰਕਾਰ ਵੱਲੋਂ ਉਹਨਾਂ ਨਾਲ ਕੀਤਾ ਵਾਅਦਾ ਪੂਰਾ ਕਰਨ ਦੀ ਮੰਗ ਕਰ ਰਹੇ ਸਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਨਰਸਾਂ ਤੇ ਸਹਾਇਕ ਸਟਾਫ ਵੱਲੋਂ ਮੰਤਰੀ ’ਤੇ ਭਰੋਸਾ ਕਰ ਕੇ ਸੰਜਮ ਵਿਖਾਉਣ ਅਤੇ ਮਹਾਮਾਰੀ ਵੇਲੇ ਵੀ ਲੋਕਾਂ ਦੀ ਸੇਵਾ ਕਰਦੇ ਰਹਿਣ ਦੇ ਬਾਵਜੂਦ ਸਰਕਾਰ ਉਹਨਾਂ ਨਾਲ ਕੀਤਾ ਵਾਅਦਾ ਪੂਰਾ ਕਰਨ ਤੋਂ ਇਨਕਾਰੀ ਹੇ।

ਉਹਨਾਂ ਕਿਹਾ ਕਿ 900 ਕੋਰੋਨਾ ਵਾਰੀਅਰਜ਼ ਦੇ ਨਾਲ ਨਾਲ ਸਰਕਾਰ ਨੂੰ ਦੋ ਸਾਲਾਂ ਦੀ ਥਾਂ ਇਕ ਸਾਲ ਦੇ ਪ੍ਰੋਬੇਸ਼ਨ ਸਮੇਂ ਤੋਂ ਬਾਅਦ ਹੀ ਸਾਰੀਆਂ ਨਰਸਾਂ ਨੂੰ ਰੈਗੂਲਰ ਕਰਨਾ ਚਾਹੀਦਾ ਹੈ। 

ਇਸ ਦੌਰਾਨ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਪਟਿਆਲਾ, ਜਲਾਲਾਬਾਦ, ਅੰਮ੍ਰਿਤਸਰ ਤੇ ਫਰੀਦਕੋਟ ਦੀਆਂ ਨਰਸਾਂ ਤੇ ਸਹਾਇਕ ਸਟਾਫ ਜੋ ਪੁਲਿਸ ਦੇ ਲਾਠੀਚਾਰਜ ਵਿਚ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਤੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਦਾਖਲ ਹਨ, ਉਹਨਾਂ ਦਾ ਹਾਲ ਚਾਲ ਪੁੱਛਿਆ। ਉਹਨਾਂ ਨੇ ਸਟਾਫ ਮੈਂਬਰਾਂ ਨੁੰ ਭਰੋਸਾ ਦੁਆਇਆ ਕਿ ਅਕਾਲੀ ਦਲ ਉਹਨਾਂ ਦੇ ਨਾਲ ਹੈ ਤੇ ਉਹਨਾਂ ਨੂੰ ਨਿਆਂ ਮਿਲਣਾ ਯਕੀਨੀ ਬਣਾਏਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਕੋਰੋਨਾ ਵਾਰੀਅਰਜ਼ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਸੰਘਰਸ਼ ਵਿਚ ਮਦਦ ਦਾ ਭਰੋਸਾ ਦੁਆਇਆ।