ਨਵੀਂ ਦਿੱਲੀ | ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ‘ਚ ਫੜੇ ਗੈਂਗਸਟਰ ਲਾਰੈਂਸ ਦੇ ਭਾਣਜੇ ਸਚਿਨ ਥਾਪਨ ਨੇ ਹੁਣ ਭੇਦ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਸਚਿਨ ਨੇ ਦਿੱਲੀ ਸਪੈਸ਼ਲ ਸੈੱਲ ਦੀ ਟੀਮ ਨੂੰ ਦੱਸਿਆ ਕਿ ਇਹ ਸਾਰੀ ਯੋਜਨਾ ਤਿਹਾੜ ਜੇਲ੍ਹ ਤੋਂ ਸ਼ੁਰੂ ਹੋਈ ਸੀ। ਇਸ ਪਲਾਨਿੰਗ ‘ਚ ਲਾਰੈਂਸ ਨੇ ਗੋਲਡੀ ਬਰਾੜ, ਸਚਿਨ ਅਤੇ ਅਨਮੋਲ ਨੂੰ ਸ਼ਾਮਲ ਕੀਤਾ ਸੀ। ਇਸੇ ਕਰਕੇ ਅਨਮੋਲ ਅਤੇ ਸਚਿਨ ਨੂੰ ਪੁਲਿਸ ਤੋਂ ਬਚਾਉਣ ਲਈ ਪਹਿਲਾਂ ਹੀ ਵਿਦੇਸ਼ ਭੇਜ ਦਿੱਤਾ ਗਿਆ ਸੀ।
ਸਚਿਨ ਨੇ ਦੱਸਿਆ ਕਿ ਲਾਰੈਂਸ ਨੇ ਉਸ ਨੂੰ ਫੋਨ ਕਰਕੇ ਅਨਮੋਲ ਅਤੇ ਗੋਲਡੀ ਦੇ ਸੰਪਰਕ ‘ਚ ਰਹਿਣ ਲਈ ਕਿਹਾ ਸੀ। ਇਸ ਦੇ ਨਾਲ ਹੀ ਉਸ ਨੂੰ ਵਿਦੇਸ਼ ਜਾਣ ਦਾ ਹੁਕਮ ਦਿੱਤਾ ਗਿਆ, ਇੱਥੇ ਵੱਡਾ ਕਾਂਡ ਹੋਣ ਵਾਲਾ ਹੈ। ਇਹ ਆਰਡਰ ਮਿਲਣ ਤੋਂ ਬਾਅਦ ਉਸ ਦਾ ਫਰਜ਼ੀ ਪਾਸਪੋਰਟ ਬਣਾ ਕੇ ਉਸ ਨੂੰ ਦੁਬਈ ਭੇਜ ਦਿੱਤਾ ਗਿਆ। ਜਿੱਥੇ ਉਹ ਗੈਂਗਸਟਰ ਵਿਕਰਮ ਬਰਾੜ ਦੇ ਸੰਪਰਕ ‘ਚ ਆਇਆ। ਦੁਬਈ ਜਾਣ ਤੋਂ ਪਹਿਲਾਂ ਦੱਸਿਆ ਗਿਆ ਕਿ ਸਿੱਧੂ ਮੂਸੇਵਾਲਾ ਦਾ ਕੰਮ ਕਰਨਾ ਹੈ ਅਤੇ ਅਨਮੋਲ ਅਤੇ ਗੋਲਡੀ ਬਰਾੜ ਨਾਲ ਸੰਪਰਕ ਰੱਖਣਾ ਹੈ।
ਸਚਿਨ ਨੇ ਦਿੱਲੀ ਸਪੈਸ਼ਲ ਸੈੱਲ ਦੇ ਸਾਹਮਣੇ ਇਹ ਵੀ ਖੁਲਾਸਾ ਕੀਤਾ ਕਿ ਕਤਲ ਲਈ ਹਥਿਆਰ ਵਿਦੇਸ਼ ਤੋਂ ਆਏ ਸਨ। ਉਸ ਨੂੰ ਹਥਿਆਰਾਂ ਦਾ ਇੰਤਜ਼ਾਮ ਕਰਨ ਲਈ ਕਿਹਾ ਗਿਆ। ਗੋਲਡੀ ਬਰਾੜ ਦੇ ਕਹਿਣ ‘ਤੇ ਸਚਿਨ ਨੇ ਇਕ ਦਿਨ ਲਈ ਹਥਿਆਰ ਆਪਣੇ ਕੋਲ ਰੱਖੇ ਹੋਏ ਸਨ। ਗੋਲਡੀ ਬਰਾੜ ਦੇ ਖਾਸ ਬੰਦੇ ਨੇ ਉਸ ਨੂੰ ਭਿਵਾਨੀ ‘ਚ ਇਹ ਹਥਿਆਰ ਦਿੱਤੇ ਸੀ।
ਪੁਲੀਸ ਅਧਿਕਾਰੀਆਂ ਮੁਤਾਬਕ ਗੋਲਡੀ ਬਰਾੜ ਨੇ ਸਚਿਨ ਨੂੰ ਗੱਡੀ ਦਾ ਪ੍ਰਬੰਧ ਕਰਨ ਲਈ ਕਿਹਾ ਸੀ। ਸਚਿਨ ਨੇ ਵਿਦੇਸ਼ ਭੱਜੇ ਰਾਜਸਥਾਨ ਦੇ ਗੈਂਗਸਟਰ ਰੋਹਿਤ ਗੋਦਾਰਾ ਤੋਂ ਪੁੱਛ ਕੇ ਬੋਲੈਰੋ ਕਾਰ ਦਾ ਇੰਤਜ਼ਾਮ ਕੀਤਾ ਸੀ। ਰਾਜਸਥਾਨ ਨੰਬਰ ਵਾਲੀ ਇਹ ਕਾਰ ਸ਼ੂਟਰ ਪ੍ਰਿਅਵਰਤ ਅਤੇ ਉਸ ਦੇ ਸਾਥੀ ਪੰਜਾਬ ਲੈ ਕੇ ਆਏ ਸਨ। ਇਹ ਕਾਰ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵਰਤੀ ਗਈ ਸੀ।
ਗੈਂਗਸਟਰ ਸਚਿਨ ਦਾ ਫਰਜ਼ੀ ਪਾਸਪੋਰਟ ਦਿੱਲੀ ਦੇ ਸੰਗਮ ਵਿਹਾਰ ਇਲਾਕੇ ਦੇ ਇਕ ਪਤੇ ‘ਤੇ ਬਣਿਆ ਸੀ। ਇਸ ਫਰਜ਼ੀ ਪਾਸਪੋਰਟ ‘ਤੇ ਸਚਿਨ ਦਾ ਫਰਜ਼ੀ ਨਾਂ ਤਿਲਕ ਰਾਜ ਟੁਟੇਜਾ ਲਿਖਿਆ ਹੋਇਆ ਸੀ। ਏਜੰਸੀਆਂ ਨੂੰ ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਪੁਲਿਸ ਨੇ ਜਾਅਲੀ ਪਾਸਪੋਰਟ ਬਣਾਉਣ ਵਾਲੇ ਗੈਂਗਸਟਰਾਂ ਦੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ। ਇਸ ਮਾਮਲੇ ‘ਚ ਪੁਲਸ ਨੇ ਇਕ ਔਰਤ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।
ਦਿੱਲੀ ਪੁਲਿਸ ਅਨੁਸਾਰ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਸਚਿਨ ਨੇ ਕੈਨੇਡਾ ‘ਚ ਗੈਂਗ ਚਲਾ ਰਹੇ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ, ਤਿਹਾੜ ਜੇਲ ‘ਚ ਬੰਦ ਕਾਲਾ ਜਠੇੜੀ ਅਤੇ ਲਾਰੈਂਸ ਨਾਲ ਗੱਲ ਕਰਕੇ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ।
ਪੁਲਸ ਅਤੇ ਖੁਫੀਆ ਏਜੰਸੀਆਂ ਨੂੰ ਸ਼ੱਕ ਨਾ ਹੋਵੇ, ਇਸ ਲਈ ਸਚਿਨ ਫੋਨ ‘ਤੇ ਗੱਲ ਕਰਦੇ ਹੋਏ ਗੈਂਗਸਟਰ ਗੋਲਡੀ ਬਰਾੜ ਨੂੰ ‘ਡਾਕਟਰ’ ਕਹਿ ਕੇ ਬੁਲਾਉਂਦੇ ਸਨ। ਇਸੇ ਤਰ੍ਹਾਂ ਉਹ ਗੈਂਗਸਟਰ ਕਾਲਾ ਜਠੇੜੀ ਨੂੰ ‘ਅਲਫਾ’ ਕਹਿ ਕੇ ਬੁਲਾਉਂਦੇ ਸਨ। ਉਹ ਆਪਣੇ ਗੁਰਗਿਆਂ ਰਾਹੀਂ ਲਾਰੈਂਸ ਨਾਲ ਗੱਲਾਂ ਕਰਦਾ ਸੀ।
ਮੂਸੇਵਾਲਾ ਕਤਲੇਆਮ ਦੀ ਜ਼ਿੰਮੇਵਾਰੀ ਸਚਿਨ ਨੇ ਸਭ ਤੋਂ ਪਹਿਲਾਂ ਲਈ ਸੀ। ਉਸ ਨੇ ਵੀਡੀਓ ਕਾਲ ‘ਤੇ ਦਾਅਵਾ ਕੀਤਾ ਸੀ ਕਿ ਉਸ ਨੇ ਮੂਸੇਵਾਲਾ ਨੂੰ ਮਾਰਿਆ ਸੀ। ਉਸ ਨੇ ਹੀ ਸ਼ੂਟਰਾਂ ਨੂੰ ਕਿਰਾਏ ‘ਤੇ ਲਿਆ ਸੀ।
- TAGS
- AAM ADAMI PARTY