ਚੰਡੀਗੜ੍ਹ | ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਡਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਸਰਟੀਫਿਕੇਟ ਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ‘ਚ ਦੇਰੀ ਤੇ ਲਟਕਦੇ ਆ ਰਹੇ ਮਾਮਲਿਆਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਅਧਿਕਾਰੀਆਂ ਨੂੰ ਪ੍ਰਕਿਰਿਆ ਸਮਾਂਬੱਧ, ਦਰੁਸਤ ਤੇ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਰਾਜਾ ਵੜਿੰਗ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਮੀਟਿੰਗ ਦੌਰਾਨ ਨਿਰਦੇਸ਼ ਦਿੱਤੇ ਕਿ ਉਹ ਲੰਬਿਤ ਮਾਮਲਿਆਂ ਦੇ ਨਿਬੇੜੇ ਲਈ ਸ਼ਨੀਵਾਰ ਨੂੰ ਵੀ ਕੰਮ ਕਰਨ ਤੇ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਸਾਰੇ 32 ਡਰਾਈਵਿੰਗ ਟੈਸਟ ਟ੍ਰੈਕ ਖੋਲ੍ਹ ਕੇ ਰੱਖਣ।
ਉਨ੍ਹਾਂ ਨੇ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਬਿਨੈਕਾਰ ਨੂੰ ਪਸੰਦੀਦਾ ਥਾਂ ਅਤੇ ਤਰੀਕ ਚੁਣਨ ਵਾਸਤੇ 30 ਦਿਨ ਦੀ ਦਿੱਤੀ ਗਈ ਸਮਾਂ ਹੱਦ ਨੂੰ ਵਧਾ ਕੇ 45 ਦਿਨ ਕਰਨ ਦੇ ਨਿਰਦੇਸ਼ ਦਿੱਤੇ।
ਟਰਾਂਸਪੋਰਟ ਵਿਭਾਗ ਵੱਲੋਂ ਸਮਾਰਟ ਡਰਾਈਵਿੰਗ ਲਾਇਸੈਂਸ ਬਣਾਉਣ ਵਾਲੀ ਚੰਡੀਗੜ੍ਹ ਸਥਿਤ ਕੇਂਦਰੀਕ੍ਰਿਤ ਕੰਪਨੀ ‘ਸਮਾਰਟ ਚਿੱਪ’ ਨੂੰ ਡਰਾਈਵਿੰਗ ਲਾਇਸੈਂਸ ਬਣਾਉਣ ਦੀ 3 ਦਿਨ ਦੀ ਨਿਰਧਾਰਤ ਸਮਾਂ ਹੱਦ ਮੁਤਾਬਕ ਕੰਮ ਕਰਨ ਦੇ ਨਿਰਦੇਸ਼ ਦਿੰਦਿਆਂ ਵੜਿੰਗ ਨੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਕੰਪਨੀ ਵੱਲੋਂ ਦੇਰੀ ਕਰਨ ’ਤੇ ਜੁਰਮਾਨਾ ਲਾਉਣ ਲਈ ਕਿਹਾ।