ਸੋਢਲ ਮੇਲੇ ਲਈ ਰੂਟ ਪਲਾਨ ਜਾਰੀ, ਸੰਗਤਾਂ ਦੀ ਸੁਰੱਖਿਆ ਲਈ 1 ਹਜ਼ਾਰ ਪੁਲਿਸ ਮੁਲਾਜ਼ਮ ਰਹਿਣਗੇ ਤਾਇਨਾਤ

0
1102

ਜਲੰਧਰ | ਸ਼੍ਰੀ ਸਿੱਧ ਬਾਬਾ ਸੋਢਲ ਦਾ ਮੇਲਾ 19 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਮੇਲੇ ਨੂੰ ਲੈ ਕੇ ਜਲੰਧਰ ਪ੍ਰਸ਼ਾਸਨ ਵੱਲੋਂ ਵੀ ਚੌਕਸੀ ਵਰਤੀ ਜਾ ਰਹੀ ਹੈ। ਇਸ ਸਬੰਧੀ ਜਲੰਧਰ ਟਰੈਫਿਕ ਪੁਲਿਸ ਵੱਲੋਂ ਰੂਟ ਪਲਾਨ ਜਾਰੀ ਕੀਤਾ ਗਿਆ ਹੈ।

ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਸੋਢਲ ਮੇਲੇ ’ਚ ਟਰੈਫਿਕ ਵਿਵਸਥਾ ਦੀ ਜ਼ਿੰਮੇਵਾਰੀ ਡੀਸੀਪੀ ਟਰੈਫਿਕ ਨਰੇਸ਼ ਡੋਗਰਾ ਅਤੇ ਏਡੀਸੀਪੀ ਟਰੈਫਿਕ ਗਗਨੇਸ਼ ਕੁਮਾਰ ਨੂੰ ਸੌਂਪੀ ਹੈ।

ਏਡੀਸੀਪੀ ਟਰੈਫਿਕ ਗਗਨੇਸ਼ ਕੁਮਾਰ ਨੇ ਦੱਸਿਆ ਕਿ ਟਰੈਫਿਕ ਪੁਲਿਸ ਵੱਲੋਂ ਰੂਟ ਪਲਾਨ ਜਾਰੀ ਕਰ ਦਿੱਤਾ ਗਿਆ ਹੈ, ਜਿਸ ਤਹਿਤ ਮੇਲੇ ਦੇ ਮਾਰਗ ਨਾਲ ਸਬੰਧਤ ਸਾਰੇ ਰਸਤਿਆਂ ਨੂੰ ਟਰੈਫਿਕ ਪੁਲਸ ਵੱਲੋਂ ਬੰਦ ਕਰ ਦਿੱਤਾ ਜਾਵੇਗਾ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਟਰੈਫਿਕ ਪੁਲਸ ਦੀ ਨਾਕਾਬੰਦੀ ਵੀ ਹੋਵੇਗੀ।

ਏਡੀਸੀਪੀ ਨੇ ਦੱਸਿਆ ਕਿ ਮੇਲੇ ਦੇ ਮੱਦੇਨਜ਼ਰ ਟ੍ਰੈਫਿਕ ਪੁਲਿਸ ਵੱਲੋਂ ਜੋ ਰੂਟ ਪਲਾਨ ਜਾਰੀ ਕੀਤਾ ਗਿਆ ਹੈ, ਉਸ ਦੇ ਤਹਿਤ ਵਰਕਸ਼ਾਪ ਚੌਕ, ਪਟੇਲ ਚੌਕ, ਚਿੰਤਪੂਰਨੀ ਮੰਦਰ ਟੀ-ਪੁਆਇੰਟ, ਟਾਂਡਾ ਫਾਟਕ, ਅੱਡਾ ਹੁਸ਼ਿਆਰਪੁਰ ਚੌਕ, ਰੇਲਵੇ ਕਰਾਸਿੰਗ ਰਾਮ ਨਗਰ, ਦੋਆਬਾ ਚੌਕ, ਸੋਢਲ ਚੌਕ, ਸਈਪੁਰ ਰੋਡ, ਇੰਡਸਟਰੀਅਲ ਏਰੀਆ, ਮਕਸੂਦਾਂ, ਭਗਤ ਸਿੰਘ ਕਾਲੋਨੀ ਵਾਈ-ਪੁਆਇੰਟ, ਸੰਜੇ ਗਾਂਧੀ ਨਗਰ, ਪਠਾਨਕੋਟ ਚੌਕ ਅਤੇ ਲੰਮਾ ਪਿੰਡ ਚੌਕ ਤੋਂ ਆਉਣ ਵਾਲਾ ਸਾਰਾ ਟਰੈਫਿਕ ਡਾਇਵਰਟ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਪਠਾਨਕੋਟ ਚੌਕ ਤੋਂ ਸ਼ਹਿਰ ਵਿੱਚ ਆਉਣ ਵਾਲਾ ਟਰੈਫਿਕ ਦੋਆਬਾ ਚੌਕ ਤੋਂ ਕਿਸ਼ਨਪੁਰਾ ਚੌਕ ਵੱਲ ਡਾਇਵਰਟ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮਕਸੂਦਾਂ ਚੌਕ ਤੋਂ ਵਰਕਸ਼ਾਪ ਚੌਕ, ਦੋਆਬਾ ਚੌਕ ਅਤੇ ਟਾਂਡਾ ਫਾਟਕ ਚੌਕ ਤੋਂ ਮੇਲਾ ਮਾਰਗ ’ਤੇ ਜਾਣ ਵਾਲੇ ਰਸਤਿਆਂ ਨੂੰ ਬੈਰੀਕੇਡਸ ਲਾ ਕੇ ਬੰਦ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਥੇ ਗੱਡੀਆਂ ਦੀ ਪਾਰਕਿੰਗ ਦਾ ਇੰਤਜ਼ਾਮ ਕੀਤਾ ਗਿਆ ਹੈ।

(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।