ਰੋਪੜ, 30 ਅਕਤੂਬਰ| ਆਪਣੇ ਹੀ ਘਰ ਵਿੱਚ ਆਪਣੇ ਵਕੀਲ ਪੁੱਤ ਦੇ ਤਸ਼ੱਦਦ ਦਾ ਸ਼ਿਕਾਰ ਹੋਈ ਮਾਤਾ ਆਸ਼ਾ ਰਾਣੀ ਨੂੰ ਅੱਜ ਸਿਵਲ ਹਸਪਤਾਲ ਰੂਪਨਗਰ ਵਿੱਚੋਂ ਮਿਲੀ ਛੁੱਟੀ ਤੋਂ ਬਾਅਦ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਪ੍ਰਬੰਧਕ ਗੁਰਪ੍ਰੀਤ ਸਿੰਘ ਮਿੰਟੂ ਵੱਲੋਂ ਮਾਤਾ ਆਸ਼ਾ ਰਾਣੀ ਨੂੰ ਸੁਪਨਿਆਂ ਦੇ ਘਰ ਲਿਜਾਇਆ ਗਿਆ।
ਇਸ ਮੌਕੇ ਮਾਤਾ ਆਸ਼ਾ ਰਾਣੀ ਦੀ ਧੀ ਦੀਪ ਸ਼ਿਖਾ ਸ਼ਰਮਾ ਵੀ ਮੌਜੂਦ ਸੀ। ਇਸ ਮੌਕੇ ਗੁਰਪ੍ਰੀਤ ਸਿੰਘ ਮਿੰਟੂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਬੀਤੇ ਕੱਲ੍ਹ ਜਦੋਂ ਮਾਤਾ ਨੂੰ ਰੈਸਕਿਊ ਕੀਤਾ ਗਿਆ ਤਾਂ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਪਹਿਲਾ ਅਜਿਹਾ ਕੇਸ ਸੀ, ਜਿਸ ਵਿੱਚ ਉਨ੍ਹਾਂ ਨੂੰ ਪ੍ਰਸ਼ਾਸਨ ਅਤੇ ਸਰਕਾਰ ਦੀ ਮਦਦ ਲੈਣੀ ਪਈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਚੰਡੀਗੜ੍ਹ ਸੀਐਮਓ ਦਫਤਰ ਵਿੱਚੋਂ ਰੂਪਨਗਰ ਪੁਲਿਸ ਪ੍ਰਸ਼ਾਸਨ ਅਤੇ ਆਲਾ ਅਧਿਕਾਰੀਆਂ ਨੂੰ ਫੋਨ ਕਰਵਾਇਆ, ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਰੂਪਨਗਰ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਦਾ ਬਹੁਤ ਜ਼ਿਆਦਾ ਸਹਿਯੋਗ ਕੀਤਾ ਗਿਆ ਅਤੇ ਲੋਕਲ ਸਮਾਜਸੇਵੀ ਲੋਕਾਂ ਵੱਲੋਂ ਵੀ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇੱਕ ਵਕੀਲ ਦੇ ਘਰੋਂ ਇੱਕ ਮਾਤਾ ਨੂੰ ਇਸ ਤਰ੍ਹਾਂ ਲੈ ਕੇ ਆਉਣ ਲਈ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਲਈ ਪੁਲਿਸ ਵੱਲੋਂ ਪਹਿਲਾਂ ਤੋਂ ਹੀ ਕਾਗਜ਼ੀ ਕਾਰਵਾਈ ਕਾਨੂੰਨੀ ਤਰੀਕੇ ਨਾਲ ਪੂਰੀ ਕੀਤੀ ਗਈ।
ਜਿਸ ਤੋਂ ਬਾਅਦ ਮਾਤਾ ਨੂੰ ਸਿਵਲ ਹਸਪਤਾਲ ਰੂਪਨਗਰ ਦਾਖਲ ਕਰਵਾਇਆ ਗਿਆ ਅਤੇ ਉਨਾਂ ਦੇ ਸਰੀਰ ਉੱਤੇ ਬਹੁਤ ਜ਼ਿਆਦਾ ਸੱਟਾਂ ਸਨ ,ਜਿਸ ਦਾ ਇਲਾਜ ਸਿਵਲ ਹਸਪਤਾਲ ਰੂਪਨਗਰ ਵਿੱਚ ਹੋਇਆ ਅਤੇ ਡਾਕਟਰਾਂ ਵੱਲੋਂ ਉਨ੍ਹਾਂ ਦੇ ਸਰੀਰ ਦੀ ਸਾਰੀ ਜਾਂਚ ਕੀਤੀ ਗਈ। ਉਨ੍ਹਾਂ ਦੇ ਦੰਦ ਟੁੱਟੇ ਹੋਏ ਸਨ ਅਤੇ ਹੋਰ ਵੀ ਸਰੀਰ ‘ਤੇ ਕਈ ਗੰਭੀਰ ਸੱਟਾਂ ਲੱਗੀਆਂ ਹੋਈਆਂ ਨੇ। ਅੱਜ ਮਾਤਾ ਨੂੰ ਸਿਵਲ ਹਸਪਤਾਲ ਵਿੱਚੋਂ ਛੁੱਟੀ ਮਿਲਣ ‘ਤੇ ਉਨ੍ਹਾਂ ਨੂੰ ਸੁਪਨਿਆਂ ਦੇ ਘਰ ਵਿੱਚ ਲੈ ਕੇ ਜਾ ਰਹੇ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਸਾਨੂੰ ਸਾਰਿਆਂ ਨੂੰ ਹੀ ਸੇਧ ਲੈਣੀ ਚਾਹੀਦੀ ਹੈ ਅਤੇ ਆਪਣੇ ਮਾਂ-ਬਾਪ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ।
ਇਸ ਮੌਕੇ ਗੁਰਪ੍ਰੀਤ ਸਿੰਘ ਮਿੰਟੂ ਦਾ ਵੱਖ ਵੱਖ ਸਮਾਜ ਸੇਵੀ ਲੋਕਾਂ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਡਾ ਵੱਲੋਂ ਆਪਣੇ ਦਫਤਰ ਵਿੱਚ ਅਤੇ ਰੂਪਨਗਰ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਧੋਆ ਵੱਲੋਂ ਰੂਪਨਗਰ ਸਿਵਲ ਹਸਪਤਾਲ ਪਹੁੰਚ ਕੇ ਮਾਤਾ ਨੂੰ ਲਿਜਾਣ ਮੌਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਨੇ ਕਿਹਾ ਕਿ ਸਰਕਾਰ ਵੀ ਅਜਿਹੇ ਸਮਾਜਸੇਵੀ ਲੋਕਾਂ ਦਾ ਪੂਰਾ ਸਹਿਯੋਗ ਕਰੇ ਅਤੇ ਅਜਿਹੇ ਲੋਕਾਂ ਦੀ ਮਦਦ ਨਾਲ ਹੀ ਸਮਾਜ ਵਿੱਚ ਹੋਰ ਜ਼ਿਆਦਾ ਸੁਧਾਰ ਆ ਸਕਦਾ ਹੈ।
ਉਨ੍ਹਾਂ ਕਿਹਾ ਕਿ ਮੈਂ ਵੀ ਹਮੇਸ਼ਾ ਗੁਰਪ੍ਰੀਤ ਸਿੰਘ ਮਿੰਟੂ ਦੇ ਅਜਿਹੇ ਸਮਾਜ ਸੇਵੀ ਕੰਮਾਂ ਲਈ ਹਾਜ਼ਰ ਹਾਂ ਅਤੇ ਕਿਤੇ ਵੀ ਸਾਡੀ ਕੋਈ ਲੋੜ ਪੈਂਦੀ ਹੈ ਤਾਂ ਮੈਂ ਆਪਣੇ ਜਿੰਨੇ ਵੀ ਸੱਜਣ, ਮਿੱਤਰ, ਮੰਤਰੀ ਐਮਐਲਏ ਨੇ, ਉਨ੍ਹਾਂ ਨੂੰ ਸੁਪਨਿਆਂ ਦੇ ਘਰ ਵਿੱਚ ਲੈ ਕੇ ਜਾਵਾਂਗਾ ਅਤੇ ਹਰ ਤਰ੍ਹਾਂ ਦੀ ਮਦਦ ਗੁਰਪ੍ਰੀਤ ਸਿੰਘ ਮਿੰਟੂ ਦੀ ਕੀਤੀ ਜਾਵੇਗੀ। ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਤੇ ਸ਼ੇਰੇ ਪੰਜਾਬ ਕਿਸਾਨ ਜਥੇਬੰਦੀ ਵੱਲੋਂ ਵੀ ਉਨ੍ਹਾਂ ਦਾ ਸਨਮਾਨ ਕੀਤਾ ਗਿਆ।