ਰੋਪੜ, 15 ਦਸੰਬਰ | ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਗੈਂਗਸਟਰ ਸੰਪਤ ਨਹਿਰਾ ਨੂੰ ਮੁੜ ਸਖ਼ਤ ਸੁਰੱਖਿਆ ਪਹਿਰੇ ਹੇਠ ਰੋਪੜ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਪੁਲਿਸ ਵਲੋਂ ਉਸ ਦਾ ਹੋਰ ਰਿਮਾਂਡ ਮੰਗਿਆ ਗਿਆ, ਜਿਸ ਦੇ ਚਲਦਿਆਂ ਅਦਾਲਤ ਨੇ ਪੁਲਿਸ ਨੂੰ ਇਕ ਹੋਰ ਦਿਨ ਦਾ ਰਿਮਾਂਡ ਦਿੱਤਾ ਹੈ।
ਦੱਸ ਦਈਏ ਕਿ ਸੰਪਤ ਨਹਿਰਾ ਦਾ ਨਾਂਅ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੈਡੀ ਕਤਲਕਾਂਡ ਵਿਚ ਵੀ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਥਾਣਾ ਸਿੰਘ ਭਗਵੰਤਪੁਰਾ ਵਿਚ ਦਰਜ ਇਕ ਮਾਮਲੇ ਸਬੰਧੀ ਨਾਮੀ ਗੈਂਗਸਟਰ ਸੰਪਤ ਨਹਿਰਾ ਤੋਂ ਪੁੱਛਗਿੱਛ ਕਰਨ ਲਈ ਰੋਪੜ ਪੁਲਿਸ ਉਸ ਨੂੰ ਬਠਿੰਡਾ ਜੇਲ ਤੋਂ ਰੋਪੜ ਲੈ ਕੇ ਆਈ ਸੀ। ਇਸ ਦੌਰਾਨ ਰੋਪੜ ਪੁਲਿਸ ਵਲੋਂ ਗੈਂਗਸਟਰ ਨੂੰ ਰੋਪੜ ਅਦਾਲਤ ਵਿਚ ਪੇਸ਼ ਗਿਆ, ਜਿਥੇ ਉਸ ਨੂੰ 15 ਦਸੰਬਰ ਤਕ ਪੁਲਿਸ ਰਿਮਾਂਡ ਵਿਚ ਭੇਜ ਦਿੱਤਾ ਗਿਆ ਸੀ।