ਹਿਮਾਚਲ ਤੋਂ ਜਲੰਧਰ ਆ ਰਹੇ ਪਰਿਵਾਰ ਨਾਲ ਹਥਿਆਰਾਂ ਦੀ ਨੋਕ ‘ਤੇ ਲੁੱਟ, ਆਸਟ੍ਰੇਲੀਆ ਤੋਂ ਆਇਆ ਸੀ ਪਰਿਵਾਰ

0
783

ਜਲੰਧਰ| ਹਿਮਾਚਲ ਤੋਂ ਜਲੰਧਰ ਆ ਰਹੇ ਐਨਆਰਆਈ ਪਰਿਵਾਰ ਨਾਲ ਹੁਸਿ਼ਆਰਪੁਰ ਊਨਾ ਮਾਰਗ ‘ਤੇ ਪੈਂਦੇ ਪਿੰਡ ਪਟਿਆੜੀਆਂ ਨਜ਼ਦੀਕ ਹਥਿਆਰਾਂ ਦੀ ਨੋਕ ਤੇ ਲੁੱਟ ਹੋਣ ਦੀ ਖਬਰ ਸਾਹਮਣੇ ਆਈ ਹੈ।

ਇਸ ਘਟਨਾ ‘ਚ ਪਰਿਵਾਰ ਦੇ ਦੱਸਣ ਮੁਤਾਬਿਕ ਲੁਟੇਰੇ ਸੋਨੇ ਦੇ ਗਹਿਣੇ ਤੇ 20 ਹਜ਼ਾਰ ਦੇ ਕਰੀਬ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਥਾਣਾ ਸਦਰ ਪੁਲਿਸ ਵਿਚ ਸਿ਼ਕਾਇਤ ਦਰਜ ਕਰਵਾਉਣ ਪਹੁੰਚੇ ਮੋਹਿੰਦਰ ਮਨਕੋਟੀਆ ਨੇ ਦੱਸਿਆ ਕਿ ਅੱਜ ਸਵੇਰੇ ਵਕਤ ਕਰੀਬ ਸਾਢੇ 9 ਵਜੇ ਉਹ ਖੱਡ ਪਿਜੌਰ ਤੋਂ ਜਲੰਧਰ ਨੂੰ ਕਿਸੇ ਜ਼ਰੂਰੀ ਕੰਮ ਜਾ ਰਹੇ ਸੀ ਤਾਂ ਇਸ ਦੌਰਾਨ ਇਕ ਆਈ ਟਵੰਟੀ ਗੱਡੀ ਜੋ ਕਿ ਲਗਾਤਾਰ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ, ਨੇ ਪਟਿਆੜੀਆਂ ਕੋਲ ਆ ਕੇ ਉਨ੍ਹਾਂ ਦੀ ਬਰੇਜਾ ਗੱਡੀ ਦੇ ਅੱਗੇ ਆਪਣੀ ਗੱਡੀ ਲਾ ਦਿੱਤੀ ਤੇ ਉਤਰਦੇ ਸਾਰ ਹੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

ਉਨ੍ਹਾਂ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਗੱਡੀ ‘ਚ ਉਸਦਾ ਐਨਆਰਆਈ ਪਰਿਵਾਰ ਵੀ ਸ਼ਾਮਿਲ ਸੀ, ਜੋ ਕਿ ਆਸਟ੍ਰੇਲੀਆ ਤੋਂ ਆਇਆ ਹੋਇਆ ਸੀ। ਮੋਹਿੰਦਰ ਮਨਕੋਟੀਆ ਨੇ ਦੱਸਿਆ ਕਿ 3 ਨੌਜਵਾਨ ਗੱਡੀ ‘ਚੋਂ ਉਤਰ ਕੇ ਆਏ ਤੇ ਇਕ ਨੌਜਵਾਨ ਨੇ ਦੇਸੀ ਕੱਟੇ ਵਰਗੇ ਹਥਿਆਰ ‘ਚ ਗੋਲ਼ੀ ਲੋਡ ਕਰਨੀ ਸ਼ੁਰੂ ਕਰ ਦਿੱਤੀ ਤੇ ਇਸ ਤੋਂ ਬਾਅਦ ਹਥਿਆਰਾਂ ਦੀ ਨੋਕ ‘ਤੇ ਲੁਟੇਰਿਆਂ ਵਲੋਂ ਉਨ੍ਹਾਂ ਪਾਸੋਂ ਸੋਨੇ ਦੇ ਗਹਿਣੇ ਤੇ 20 ਹਜ਼ਾਰ ਦੇ ਕਰੀਬ ਦੀ ਨਕਦੀ ਲੁੱਟ ਲਈ ਗਈ ਤੇ ਫਰਾਰ ਹੋ ਗਏ।

ਪਰਿਵਾਰ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕਰਦਿਆਂ ਹੋਇਆਂ ਲੁਟੇਰਿਆਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਥਾਣਾ ਸਦਰ ਦੇ ਐਸਐਚਓ ਸਤੀਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।