ਅੰਮ੍ਰਿਤਸਰ | ਕੇਂਦਰੀ ਜੇਲ ‘ਚ ਪਿਛਲੇ ਕਈ ਸਾਲਾਂ ਤੋਂ ਨਸ਼ਿਆਂ ਦਾ ਧੰਦਾ ਚੱਲ ਰਿਹਾ ਸੀ। ਇਸ ਸਬੰਧੀ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਜੇਲ ਦੇ ਕੁਝ ਮੁਲਾਜ਼ਮ ਕੈਦੀਆਂ ਨਾਲ ਮਿਲ ਕੇ ਨਸ਼ੇ ਦਾ ਨੈੱਟਵਰਕ ਚਲਾ ਰਹੇ ਹਨ ਪਰ ਇਹ ਸਭ ਕੁਝ ਇੰਨੇ ਚਲਾਕੀ ਨਾਲ ਕੀਤਾ ਜਾ ਰਿਹਾ ਸੀ ਕਿ ਸੀਨੀਅਰ ਜੇਲ ਅਧਿਕਾਰੀ ਵੀ ਹੈਰਾਨ ਰਹਿ ਗਏ।
ਕੇਂਦਰੀ ਜੇਲ ਦੇ ਨਵੇਂ ਸੁਪਰਡੈਂਟ ਨੇ ਆਪਣੀ ਟੀਮ ਸਮੇਤ ਨਸ਼ਿਆਂ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ। ਇਸ ਤੋਂ ਬਾਅਦ ਸਿਟੀ ਪੁਲਿਸ ਦੇ ਅਧਿਕਾਰੀਆਂ ਅਤੇ ਇਸਲਾਮਾਬਾਦ ਪੁਲਿਸ ਸਟੇਸ਼ਨ ਨੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਇਆ ਅਤੇ ਇਸ ਮਾਮਲੇ ‘ਚ ਸ਼ਾਮਲ 7 ਕੈਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜੇਲ ਵਿਚ ਤਾਇਨਾਤ ਇਕ ਸੁਰੱਖਿਆ ਗਾਰਡ ਅਤੇ ਇਕ ਲੈਬ ਟੈਕਨੀਸ਼ੀਅਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਫੜੇ ਗਏ ਜੇਲ ਕਰਮਚਾਰੀਆਂ ਤੋਂ ਇਹ ਖੁਲਾਸਾ ਹੋਇਆ ਹੈ ਕਿ ਉਹ ਨਸ਼ੇ ਨੂੰ ਆਪਣੀ ਪੱਗ, ਜੁੱਤੀਆਂ ਅਤੇ ਗੁਪਤ ਅੰਗਾਂ ਵਿਚ ਲੁਕੋ ਕੇ ਜੇਲ ਅੰਦਰ ਲਿਜਾਂਦਾ ਸੀ ਅਤੇ ਹਰੇਕ ਖੇਪ ਦੇ 5000 ਰੁਪਏ ਲੈਂਦਾ ਸੀ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਬੁੱਧਵਾਰ ਨੂੰ ਇਸ ਗਿਰੋਹ ਦੇ ਨੈੱਟਵਰਕ ਦਾ ਪਰਦਾਫਾਸ਼ ਕਰਨ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜੇਲ ਵਿਚ ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਲ ਕੈਦੀਆਂ ਨੂੰ ਬਠਿੰਡਾ ਜੇਲ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਇਸ ਕੇਸ ਵਿਚ ਸ਼ਾਮਲ ਗੈਂਗਸਟਰ ਸਾਜਨ ਕਲਿਆਣ ਉਰਫ਼ ਡੱਡੂ ਨੂੰ ਸੁਰੱਖਿਆ ਕਾਰਨਾਂ ਕਰ ਕੇ ਅੰਮ੍ਰਿਤਸਰ ਵਿਚ ਰੱਖਿਆ ਗਿਆ ਹੈ।
ਜੇਲ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦੀ ਆਈਆਰਬੀ 5 ਬਟਾਲੀਅਨ ਦੇ ਜਵਾਨ ਤਾਇਨਾਤ ਕੀਤੇ ਗਏ ਹਨ। 12 ਅਪ੍ਰੈਲ ਨੂੰ ਜਦੋਂ ਕਾਂਸਟੇਬਲ ਮੰਗਤ ਸਿੰਘ ਵਾਸੀ ਗਰੀਨ ਸਿਟੀ ਡਿਊਟੀ ਲਈ ਪੁੱਜਾ ਤਾਂ ਉਸ ਦੀ ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿਚੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸਲਾਮਾਬਾਦ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਸੀ।ks