ਦੂਜੀ ਲਹਿਰ ਦਾ ਸਹੀ ਪਤਾ ਲਗਾਉਣ ਵਾਲੇ ਖੋਜੀ ਬੋਲੇ- ਕੋਰੋਨਾ ਦੀ ਤੀਜੀ ਲਹਿਰ ਇਸੇ ਮਹੀਨੇ

0
1999

ਨਵੀਂ ਦਿੱਲੀ | ਕੋਰੋਨਾ ਦੀ ਤੀਜੀ ਲਹਿਰ ਕਦੋਂ ਆਵੇਗੀ। ਵਾਇਰਸ ਦੀ ਦੂਜੀ ਲਹਿਰ ਤੋਂ ਬਾਅਦ ਸਭ ਦੇ ਮਨ ਵਿੱਚ ਇਹੀ ਸਵਾਲ ਹੈ।

ਇਸ ਦੌਰਾਨ ਨਵੀਂ ਭਵਿੱਖਬਾਣੀ ਸਾਹਮਣੇ ਆਈ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿੱਚ ਕੋਰੋਨਾ ਦੀ ਤੀਜੀ ਲਹਿਰ ਇਸੇ ਮਹੀਨੇ ਹੀ ਆ ਸਕਦੀ ਹੈ ਤੇ ਅਕਤੂਬਰ ‘ਚ ਇਹ ਚੋਟੀ ‘ਤੇ ਹੋਵੇਗੀ।

ਬਲੂਮਬਰਗ ਦੀ ਰਿਪੋਰਟ ਮੁਤਾਬਕ ਕੋਰੋਨਾ ਨੂੰ ਲੈ ਕੇ ਇਹ ਭਵਿੱਖਬਾਣੀ ਖੋਜੀਆਂ ਨੇ ਗਣਿਤ ਦੇ ਮਾਡਲ ਦੇ ਆਧਾਰ ‘ਤੇ ਕੀਤੀ ਹੈ। ਇਸ ਵਿੱਚ ਆਈਆਈਟੀ ਹੈਦਰਾਬਾਦ ਤੇ ਕਾਨਪੁਰ ਦੇ ਮਧੂਕੁਮੱਲੀ ਵਿੱਦਿਆਸਾਗਰ ਅਤੇ ਮਨਿੰਦਰ ਅਗਰਵਾਲ ਸ਼ਾਮਿਲ ਸਨ।

ਕੋਰੋਨਾ ਦੀ ਦੂਜੀ ਲਹਿਰ ਨੂੰ ਲੈ ਕੇ ਇਨ੍ਹਾਂ ਦਾ ਸ਼ੱਕ ਢੁੱਕਵਾਂ ਬੈਠਿਆ ਸੀ। ਦੱਸਿਆ ਗਿਆ ਹੈ ਕਿ ਇਸ ਵਿੱਚ ਰੋਜ਼ ਕੋਰੋਨਾ ਦੇ ਨਵੇਂ 1-1 ਲੱਖ ਕੇਸ ਦੇਖਣ ਨੂੰ ਮਿਲ ਸਕਦੇ ਹਨ।

ਸਥਿਤੀ ਥੋੜ੍ਹੀ ਹੋਰ ਵਿਗੜੀ ਤਾਂ ਅੰਕੜਾ 1.5 ਲੱਖ ਤੱਕ ਜਾ ਸਕਦਾ ਹੈ। ਦੂਜੀ ਲਹਿਰ ‘ਚ ਭਾਰਤ ਵਿੱਚ ਰੋਜ਼ 4 ਲੱਖ ਤੋਂ ਵੀ ਵੱਧ ਕੇਸ ਸਾਹਮਣੇ ਆਏ ਸਨ। ਫਿਰ 7 ਮਈ ਤੋਂ ਬਾਅਦ ਕੋਰੋਨਾ ਕੇਸ ਹੌਲੀ-ਹੌਲੀ ਘੱਟ ਹੋਣ ਲੱਗੇ ਸਨ।

ਖੋਜੀ ਮੰਨਦੇ ਹਨ ਕਿ ਤੀਜੀ ਲਹਿਰ ਵਿੱਚ ਕੋਰੋਨਾ ਦੇ ਕੇਸ ਕਿੰਨੇ ਵਧਣਗੇ, ਇਹ ਮਹਾਰਾਸ਼ਟਰ ਤੇ ਕੇਰਲ ਜਾਂ ਜ਼ਿਆਦਾ ਕੇਸਾਂ ਵਾਲੇ ਸੂਬਿਆਂ ਦੀ ਸਥਿਤੀ ‘ਤੇ ਨਿਰਭਰ ਹੈ।

ਫਿਲਹਾਲ ਭਾਰਤ ਸਣੇ ਕਈ ਦੇਸ਼ਾਂ ‘ਚ ਕੋਰੋਨਾ ਦੇ ਡੈਲਟਾ ਵੈਰੀਐਂਟ ਕਾਰਨ ਕੋਰੋਨਾ ਦੇ ਕੇਸ ਵੱਧ ਰਹੇ ਹਨ। ਦੇਸ਼ ਵਿੱਚ ਹੁਣ ਤੱਕ ਕੁਲ 31695958 ਕੋਰੋਨਾ ਮਾਮਲੇ ਸਾਹਮਣੇ ਆ ਚੁੱਕੇ ਹਨ।

ਦੂਜੀ ਲਹਿਰ ਜਿੰਨੀ ਨਹੀਂ ਹੋਵੇਗੀ ਘਾਤਕ

ਖੋਜੀਆਂ ਦਾ ਮੰਨਣਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਦੂਜੀ ਲਹਿਰ ਜਿੰਨੀ ਘਾਤਕ ਤਾਂ ਨਹੀਂ ਹੋਵੇਗੀ ਪਰ ਫਿਰ ਵੀ ਸਾਵਧਾਨੀ ਵਰਤਣੀ ਪਵੇਗੀ।

ਟੀਕਾਕਰਨ ਦੀ ਸਪੀਡ ਕਰਨੀ ਹੋਵੇਗੀ ਤੇਜ਼

ਖੋਜੀ ਕਹਿੰਦੇ ਹਨ ਕਿ ਕੋਰੋਨਾ ਨੂੰ ਘਾਤਕ ਹੋਣ ਤੋਂ ਰੋਕਣ ਲਈ ਟੀਕਾਕਰਨ ਦੀ ਸਪੀਡ ਨੂੰ ਤੇਜ਼ ਕਰਨਾ ਹੋਵੇਗਾ। ਦੇਸ਼ ‘ਚ ਪਿਛਲੇ 24 ਘੰਟਿਆਂ ਵਿੱਚ 17,06,598 ਕੋਰੋਨਾ ਵੈਕਸੀਨ ਲਗਾਈ ਜਾ ਚੁੱਕੀ ਹੈ, ਜਿਸ ਤੋਂ ਬਾਅਦ ਵੈਕਸੀਨੇਸ਼ਨ ਦਾ ਅੰਕੜਾ 47,22,23,639 ਹੋ ਗਿਆ ਹੈ।