ਪੰਜਾਬੀ ਸਿੰਗਰ ਹਨੀ ਸਿੰਘ ਨੂੰ ਰਾਹਤ : ‘ਮੈਂ ਹੂੰ ਬਲਾਤਕਾਰੀ’ ਗਾਣੇ ‘ਤੇ ਦਰਜ FIR ਹੋਵੇਗੀ ਰੱਦ

0
292

ਚੰਡੀਗੜ੍ਹ, 5 ਦਸੰਬਰ| ਪੰਜਾਬੀ ਗਾਇਕ ਅਤੇ ਰੈਪਰ ਹਨੀ ਸਿੰਘ ਨੂੰ ਸੂਬਾ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਗੀਤ ‘ਮੈਂ ਹੂੰ ਬਲਾਤਕਾਰੀ’ ਨੂੰ ਲੈ ਕੇ ਹਨੀ ਸਿੰਘ ਖਿਲਾਫ ਨਵਾਂਸ਼ਹਿਰ ‘ਚ ਦਰਜ FIR ਨੂੰ ਰੱਦ ਕੀਤਾ ਜਾਵੇਗਾ। ਪੰਜਾਬ ਪੁਲਿਸ ਨੇ ਇਸ ਲਈ ਕੈਂਸਲੇਸ਼ਨ ਰਿਪੋਰਟ ਵੀ ਤਿਆਰ ਕਰ ਲਈ ਹੈ। ਜਿਸ ਨੂੰ ਜਲਦੀ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਹਨੀ ਸਿੰਘ ਨੇ ਐਫਆਈਆਰ ਰੱਦ ਕਰਵਾਉਣ ਲਈ ਪੰਜਾਬ, ਹਰਿਆਣਾ ਅਤੇ ਹਾਈਕੋਰਟ ਤੱਕ ਪਹੁੰਚ ਕੀਤੀ ਸੀ।

ਹਾਈਕੋਰਟ ਨੇ ਹਨੀ ਸਿੰਘ ਦੀ ਤਰਫੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ। ਜਿਸ ਵਿੱਚ ਪੰਜਾਬ ਸਰਕਾਰ ਨੇ ਕਿਹਾ ਕਿ ਇਸ ਮਾਮਲੇ ਦੀ ਕੈਂਸਲੇਸ਼ਨ ਰਿਪੋਰਟ ਤਿਆਰ ਕਰ ਲਈ ਗਈ ਹੈ। ਉੱਚ ਅਧਿਕਾਰੀਆਂ ਦੀ ਮਨਜ਼ੂਰੀ ਤੋਂ ਬਾਅਦ ਇਸ ਨੂੰ ਹਾਈਕੋਰਟ ‘ਚ ਦਾਇਰ ਕੀਤਾ ਜਾਵੇਗਾ।

ਇਸ ਜਾਣਕਾਰੀ ਤੋਂ ਬਾਅਦ ਹਾਈਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਹੁਕਮ ਦਿੱਤਾ ਹੈ ਕਿ ਜੇਕਰ ਹਨੀ ਸਿੰਘ ਖਿਲਾਫ ਕਾਰਵਾਈ ਕਰਨੀ ਹੈ ਤਾਂ 7 ਦਿਨਾਂ ਦਾ ਨੋਟਿਸ ਦੇਣਾ ਹੋਵੇਗਾ।

ਸਮਾਜ ਸੇਵੀ ਨੇ ਕੀਤੀ ਸੀ ਸ਼ਿਕਾਇਤ
ਸਮਾਜ ਸੇਵੀ ਪਰਵਿੰਦਰ ਸਿੰਘ ਕਿਤਨਾ ਨੇ ਹਨੀ ਸਿੰਘ ਖਿਲਾਫ ਅਸ਼ਲੀਲਤਾ ਫੈਲਾਉਣ ਦੇ ਦੋਸ਼ ‘ਚ ਨਵਾਂਸ਼ਹਿਰ ਪੁਲਸ ਨੂੰ ਸ਼ਿਕਾਇਤ ਕੀਤੀ ਸੀ। ਇਹ ਮਾਮਲਾ ਕਰੀਬ 10 ਸਾਲਾਂ ਤੱਕ ਲਟਕਦਾ ਰਿਹਾ। ਹੁਣ ਹਨੀ ਸਿੰਘ ਨੇ ਆਪਣੀ ਪਟੀਸ਼ਨ ‘ਚ ਲਿਖਿਆ ਹੈ ਕਿ ਉਨ੍ਹਾਂ ਨੇ ਅਜਿਹਾ ਕੋਈ ਗੀਤ ਨਹੀਂ ਗਾਇਆ ਹੈ। ਇਸ ਗੀਤ ਨੂੰ ਕਿਸੇ ਨੇ ਫਰਜ਼ੀ ਅਕਾਊਂਟ ਦੀ ਵਰਤੋਂ ਕਰਕੇ ਪੋਸਟ ਕੀਤਾ ਹੈ।

ਫੋਰੈਂਸਿਕ ਰਿਪੋਰਟ ਤੋਂ ਪਹਿਲਾਂ ਰੱਦ ਕੈਂਸਲੇਸ਼ਨ ਰਿਪੋਰਟ ਤਿਆਰ 
ਹਾਈਕੋਰਟ ਨੇ ਸੁਣਵਾਈ ਸ਼ੁਰੂ ਕਰਦਿਆਂ ਇਸ ਗੀਤ ਦੀ ਫੋਰੈਂਸਿਕ ਜਾਂਚ ਕਰਵਾਉਣ ਲਈ ਕਿਹਾ ਹੈ। ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਕਿਹਾ ਸੀ ਕਿ ਫੋਰੈਂਸਿਕ ਰਿਪੋਰਟ ਤੋਂ ਬਿਨਾਂ ਇਨ੍ਹਾਂ ਦਲੀਲਾਂ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਜਦਕਿ ਪੰਜਾਬ ਪੁਲਿਸ ਨੇ ਸਪੱਸ਼ਟ ਕੀਤਾ ਕਿ ਚੰਡੀਗੜ੍ਹ ਫੋਰੈਂਸਿਕ ਸਾਇੰਸ ਲੈਬ ਆਪਣੀ ਰਿਪੋਰਟ ਤਿਆਰ ਕਰ ਰਹੀ ਹੈ। ਪਰ ਕੱਲ੍ਹ ਪੰਜਾਬ ਪੁਲਿਸ ਨੇ ਕਿਹਾ ਕਿ ਉਹ ਇਸ ਸ਼ਿਕਾਇਤ ‘ਤੇ ਕੈਂਸਲੇਸ਼ਨ ਰਿਪੋਰਟ ਤਿਆਰ ਕਰੇਗੀ।