ਗਰਮਖਿਆਲੀ ਕਰਨਵੀਰ ਸਿੰਘ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ; 13 ਸਾਲ ਪੁਰਾਣੇ ਕਤਲ ਮਾਮਲੇ ‘ਚ ਹੈ ਲੋੜੀਂਦਾ

0
1185

ਨਵੀਂ ਦਿੱਲੀ, 26 ਸਤੰਬਰ | ਭਾਰਤ ਸਰਕਾਰ ਨੇ ਗਰਮਖਿਆਲੀ ਕਰਨਵੀਰ ਸਿੰਘ ਵਿਰੁੱਧ ਕਾਰਵਾਈ ਕਰਦਿਆਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕਰਨਵੀਰ ਲੰਬੇ ਸਮੇਂ ਤੋਂ ਪਾਕਿਸਤਾਨ ਵਿਚ ਬੱਬਰ ਖਾਲਸਾ ਵਧਵਾ ਸਿੰਘ ਦੀ ਸੁਰੱਖਿਆ ‘ਚ ਹੈ।
ਕਰਨਵੀਰ ਸਿੰਘ ਉਰਫ਼ ਬਬਲੂ, ਮੂਲ ਰੂਪ ਵਿਚ ਕਪੂਰਥਲਾ ਦਾ ਰਹਿਣ ਵਾਲਾ ਹੈ। ਉਹ 13 ਸਾਲ ਪਹਿਲਾਂ ਇਕ ਕਤਲ ਕਰਕੇ ਪਾਕਿਸਤਾਨ ਫਰਾਰ ਹੋ ਗਿਆ ਸੀ।

2010 ‘ਚ ਪੰਜਾਬ ਪੁਲਿਸ ਨੇ ਕਰਨਵੀਰ ਸਿੰਘ ਨੂੰ ਫੜਨ ‘ਤੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਸੀ। 16 ਮਈ 2010 ਦੀ ਸਵੇਰ ਨੂੰ ਡੇਰਾ ਸੰਤ ਮਾਈਆ ਦਾਸ ਮੁਖੀ ਪ੍ਰਧਾਨ ਸਿੰਘ ਦੀ ਹੱਤਿਆ ਕਰ ਦਿੱਤੀ ਸੀ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਇਹ ਕਤਲ ਕਰਨਵੀਰ ਸਿੰਘ ਉਰਫ਼ ਬਬਲੂ ਨੇ ਕੀਤਾ ਸੀ। ਪੁਲਿਸ ਨੂੰ ਕਰਨਵੀਰ ਨੂੰ ਫੜਨ ਵਿਚ 5 ਮਹੀਨੇ ਲੱਗ ਗਏ। ਕਰਨਵੀਰ ਸਿੰਘ ਨੂੰ 18 ਅਕਤੂਬਰ 2010 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਹੁਸ਼ਿਆਰਪੁਰ ਪੁਲਿਸ ਨੇ ਉਸ ਨੂੰ ਪਿੰਡ ਕਿਲ੍ਹਾ ਬੜੂੰ ਵਿਚ ਰਣਜੀਤ ਕੌਰ ਦੇ ਘਰੋਂ ਕਾਬੂ ਕੀਤਾ। ਪੁਲਿਸ ਨੇ ਉਸ ਕੋਲੋਂ ਇਕ ਏਕੇ 47 ਰਾਈਫਲ, ਇਕ ਹੈਂਡ ਗਰਨੇਡ, ਤਿੰਨ ਮੈਗਜ਼ੀਨ, ਦੋ ਡੈਟੋਨੇਟਰ, ਇਕ ਵਾਇਰਲੈੱਸ ਸੈੱਟ, ਇਕ ਟਾਈਮਰ ਅਤੇ ਡੇਢ ਕਿਲੋ ਆਰਡੀਐਕਸ ਬਰਾਮਦ ਕੀਤਾ ਸੀ। ਪੁਲਿਸ ਨੇ ਕਰਨਵੀਰ ਸਿੰਘ ਨੂੰ ਤਾਂ ਫੜ ਲਿਆ ਸੀ ਪਰ ਉਹ ਜ਼ਿਆਦਾ ਦੇਰ ਪੁਲਿਸ ਦੀ ਗ੍ਰਿਫ਼ਤ ਵਿਚ ਨਹੀਂ ਰਿਹਾ। ਗ੍ਰਿਫ਼ਤਾਰੀ ਤੋਂ ਬਾਅਦ ਕਰਨਵੀਰ ਨੂੰ ਸਵੇਰੇ 1 ਵਜੇ ਦੇ ਕਰੀਬ ਪੁੱਛਗਿੱਛ ਲਈ ਹੁਸ਼ਿਆਰਪੁਰ ਦੇ ਸੀਆਈਏ ਥਾਣੇ ਲਿਆਂਦਾ ਗਿਆ ਪਰ ਤਿੰਨ ਘੰਟੇ ਬਾਅਦ ਉਹ ਬਾਥਰੂਮ ਦੀ ਖਿੜਕੀ ਰਾਹੀਂ ਫਰਾਰ ਹੋ ਗਿਆ।

ਭਾਰਤ ‘ਚ ਕਰਨਵੀਰ ਵਿਰੁੱਧ ਕਈ ਮਾਮਲੇ ਦਰਜ ਹਨ। ਇਨ੍ਹਾਂ ਵਿਚ ਅਪਰਾਧਿਕ ਸਾਜ਼ਿਸ਼, ਕਤਲ, ਅਸਲਾ ਐਕਟ ਨਾਲ ਸਬੰਧਤ ਅਪਰਾਧ, ਵਿਸਫੋਟਕ ਪਦਾਰਥ ਐਕਟ ਨਾਲ ਸਬੰਧਤ ਅਪਰਾਧ, ਕਿਸੇ ਅੱਤਵਾਦੀ ਕਾਰਵਾਈ ਲਈ ਫੰਡ ਇਕੱਠਾ ਕਰਨਾ, ਸਾਜ਼ਿਸ਼ ਰਚਣਾ, ਅੱਤਵਾਦੀ ਗਿਰੋਹ ਜਾਂ ਸੰਗਠਨ ਦਾ ਮੈਂਬਰ ਹੋਣਾ, ਆਰਮਜ਼ ਐਕਟ ਨਾਲ ਸਬੰਧਤ ਅਪਰਾਧ ਆਦਿ ਸ਼ਾਮਲ ਹਨ।