ਚੰਡੀਗੜ੍ਹ . ਪੰਜਾਬ ਸਰਕਾਰ ਨੇ ‘ਅਨਲੌਕ-2’ ਤਹਿਤ ਨਵੀਆਂ ਹਦਾਇਤਾਂ ਅੱਜ1 ਜੁਲਾਈ ਤੋਂ ਲਾਗੂ ਕਰ ਦਿੱਤੀਆਂ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੌਕਡਾਊਨ ਨੂੰ ਕੰਟੇਨਮੈਂਟ ਜ਼ੋਨਾਂ ਵਿੱਚ 31 ਜੁਲਾਈ ਤੱਕ ਵਧਾ ਦਿੱਤਾ ਗਿਆ ਹੈ ਜਦਕਿ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਕੇਂਦਰ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਢਿੱਲਾਂ ਦਿੱਤੀਆਂ ਗਈਆਂ ਹਨ। ਜਾਣੋ ਪੰਜਾਬ ਵਿੱਚ ਕੀ-ਕੀ ਰਿਆਇਤਾਂ ਦਿੱਤੀਆਂ ਗਈਆਂ ਹਨ ਕੇ ਕੀ ਕੁਝ ਬੰਦ ਰਹੇਗਾ।
- ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਰਾਤ ਦੇ ਕਰਫਿਊ ਵਿੱਚ ਢਿੱਲ ਦਿੱਤੀ ਹੈ। ਹੁਣ ਕਰਫਿਊ ਰਾਤ 9 ਵਜੇ ਦੀ ਥਾਂ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗਿਆ ਰਹੇਗਾ।
- ਇਸ ਤੋਂ ਇਲਾਵਾ ਸੂਬੇ ਵਿੱਚ ਦੁਕਾਨਾਂ ਬੰਦ ਕਰਨ ਦਾ ਸਮਾਂ ਰਾਤ 7 ਵਜੇ ਤੋਂ ਵਧਾ ਕੇ ਰਾਤ 8 ਵਜੇ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੋਟਲ ਤੇ ਰੈਸਟੋਰੈਂਟ ਵੀ ਰਾਤ ਦੇ 9 ਵਜੇ ਤੱਕ 50 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ।
- ਸਰਕਾਰ ਨੇ ਵਿਆਹ ਵਿੱਚ 50 ਬੰਦਿਆਂ ਦੇ ਇੱਕਠ ਤੇ ਮਰਗ ਸਮੇਂ 20 ਵਿਅਕਤੀਆਂ ਦੇ ਸ਼ਾਮਲ ਹੋਣ ਨੂੰ ਪ੍ਰਵਾਨਗੀ ਦਿੱਤੀ ਹੈ।
- ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੁਣ ਯਾਤਰੀ ਬੱਸਾਂ ਦੀ ਆਵਾਜਾਈ ਇੱਕ ਤੋਂ ਦੂਜੇ ਸੂਬੇ ਵਿੱਚ ਪੂਰੀ ਸਮਰੱਥਾ ਨਾਲ ਹੋ ਸਕੇਗੀ ਤੇ ਕੈਬ, ਟੈਕਸੀਆਂ ਨੂੰ ਵੀ ਪੂਰੀ ਸਮਰੱਥਾ ਨਾਲ ਚੱਲਣ ਦੀ ਆਗਿਆ ਦੇ ਦਿੱਤੀ ਗਈ ਹੈ।
- ਸੂਬੇ ਵਿੱਚ ਸ਼ਾਪਿੰਗ ਮਾਲ ਸੋਮਵਾਰ ਤੋਂ ਸ਼ਨੀਵਾਰ ਤੱਕ ਖੁੱਲ੍ਹਣਗੇ ਜਦਕਿ ਐਤਵਾਰ ਨੂੰ ਇਨ੍ਹਾਂ ਨੂੰ ਬੰਦ ਰੱਖਣ ਦਾ ਹੁਕਮ ਦਿੱਤੇ ਗਏ ਹਨ।
- ਧਾਰਮਿਕ ਸਥਾਨ ਸਵੇਰੇ 5 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹਣਗੇ। ਇਸ ਦੌਰਾਨ ਲੰਗਰ ਤੇ ਪ੍ਰਸ਼ਾਦ ਵਰਤਾਉਣ ਦੀ ਆਗਿਆ ਦਿੱਤੀ ਗਈ ਹੈ।
- ਸਰਕਾਰ ਨੇ ਸਪੋਰਟਸ ਕੰਪਲੈਕਸ, ਸਟੇਡੀਅਮ ਤੇ ਪਬਲਿਕ ਪਾਰਕ ਵੀ ਸਵੇਰੇ 7 ਵਜੇ ਤੋਂ ਰਾਤ 8 ਵਜੇ ਤੱਕ ਖੋਲ੍ਹਣ ਦੀ ਇਜ਼ਾਜਤ ਦੇ ਦਿੱਤੀ ਹੈ।
31 ਜੁਲਾਈ ਤੱਕ ਇਹ ਸਾਰੇ ਅਦਾਰੇ ਰਹਿਣਗੇ ਬੰਦ
- ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸੂਬੇ ਵਿੱਚ ਸਿਨੇਮਾ ਹਾਲ, ਸਵੀਮਿੰਗ ਪੂਲ, ਐਂਟਰਨੇਮੈਂਟ ਪਾਰਕ, ਅਸੈਂਬਲੀ ਹਾਲ, ਬਾਰ, ਸਕੂਲ, ਕਾਲਜ, ਯੂਨੀਵਰਸਿਟੀਆਂ ਤੇ ਕੋਚਿੰਗ ਸੈਂਟਰ ਸੱਭ 31 ਜੁਲਾਈ ਤੱਕ ਬੰਦ ਰਹਿਣਗੇ।
- ਕੰਟੇਨਮੈਂਟ ਜ਼ੋਨਾ ਵਿੱਚ ਲਾਕਡਾਊਨ ਪਹਿਲਾਂ ਦੀ ਤਰ੍ਹਾਂ ਹੀ ਸਖਤ ਤਰੀਕੇ ਨਾਲ ਲੱਗਿਆ ਰਹੇਗਾ ਤੇ ਸਿਰਫ ਜ਼ਰੂਰੀ ਗਤੀਵਿਧੀਆਂ ਦੀ ਹੀ ਆਗਿਆ ਹੋਵੇਗੀ।