ਪੰਜਾਬ ‘ਚ ਮੰਗਲਵਾਰ ਤੋਂ ਲਾਗੂ ਹੋਣ ਵਾਲੀਆਂ ਨਵੀਆਂ ਪਾਬੰਦੀਆਂ ਦੀ ਪੜ੍ਹੋ ਪੂਰੀ ਡਿਟੇਲ, ਜਾਣੋ ਕੀ-ਕੀ ਖੁੱਲ੍ਹੇਗਾ ਅਤੇ ਕੀ-ਕੀ ਰਹੇਗਾ ਬੰਦ

0
31134

ਚੰਡੀਗੜ੍ਹ | ਪੰਜਾਬ ਸਮੇਤ ਪੂਰੇ ਦੇਸ਼ ਵਿਚ ਕੋਵਿਡ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕਰੜੀਆਂ ਪਾਬੰਦੀਆਂ ਲਾਉਣ ਦੇ ਹੁਕਮ ਦਿੱਤੇ ਜੋ ਕਿ 20 ਅਪ੍ਰੈਲ (ਮੰਗਲਵਾਰ) ਤੋਂ ਲਾਗੂ ਹੋਣਗੇ। ਪਾਬੰਦੀਆਂ ਵਿਚ ਰਾਤ ਦੇ ਕਰਫਿਊ ਦਾ ਸਮਾਂ ਵਧਾ ਕੇ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਕੀਤਾ ਗਿਆ ਹੈ।

ਸਾਰੇ ਬਾਰ, ਸਿਨੇਮਾ ਹਾਲ, ਜਿੰਮ, ਸਪਾ, ਕੋਚਿੰਗ ਸੈਂਟਰ, ਖੇਡ ਕੰਪਲੈਕਸ ਬੰਦ ਰਹਿਣਗੇ। ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਰੈਸਟੋਰੈਂਟਾਂ ਅਤੇ ਹੋਟਲਾਂ ਨੂੰ ਸਿਰਫ ਖਾਣਾ ਘਰ ਲਿਜਾਣ ਅਤੇ ਹੋਮ ਡਿਲਿਵਰੀ ਦੀ ਇਜਾਜ਼ਤ ਦਿੱਤੀ ਗਈ ਹੈ।

ਨਿੱਜੀ ਲੈਬਜ਼ ਦੁਆਰਾ ਕੀਤੀ ਜਾਂਦੀ ਆਰ.ਟੀ.-ਪੀ.ਸੀ.ਆਰ ਅਤੇ ਰੈਪਿਡ ਐਂਟੀਜੈਨ ਟੈਸਟਿੰਗ (ਆਰ.ਏ.ਟੀ) ਦੀਆਂ ਕੀਮਤਾਂ ਘਟਾ ਕੇ ਕ੍ਰਮਵਾਰ 450 ਰੁਪਏ ਅਤੇ 300 ਰੁਪਏ ਕਰ ਦਿੱਤੀ ਗਈ ਹੈ ਤੇ ਘਰੋਂ ਸੈਂਪਲ ਲੈਣ ਲਈ ਵਾਧੂ ਕੀਮਤ ਵਸੂਲੀ ਜਾਵੇਗੀ। ਇਹ ਕਦਮ ਟੈਸਟਿੰਗ ਦੀ ਗਿਣਤੀ ਵਧਾਉਣ ਲਈ ਚੁੱਕੇ ਗਏ ਹਨ।

ਪੂਰੇ ਸੂਬੇ ਵਿਚ ਵਿਆਹਾਂ/ਸੰਸਕਾਰ ਸਮੇਤ 20 ਤੋਂ ਜਿ਼ਆਦਾ ਵਿਅਕਤੀਆਂ ਦੇ ਇਕੱਠਾਂ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ ਅਤੇ 10 ਤੋਂ ਵੱਧ ਵਿਅਕਤੀਆਂ ਦੇ ਸਾਰੇ ਇਕੱਠਾਂ, ਸਿਰਫ ਸੰਸਕਾਰ ਨੂੰ ਛੱਡ ਕੇ, ਲਈ ਜਿ਼ਲ੍ਹਾ ਪ੍ਰਸ਼ਾਸਨ ਦੀ ਅਗਾਊਂ ਮਨਜ਼ੂਰੀ ਜ਼ਰੂਰੀ ਕਰਾਰ ਦਿੱਤੀ ਗਈ ਹੈ।

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਹ ਨਵੀਆਂ ਪਾਬੰਦੀਆਂ, ਜਿਨ੍ਹਾਂ ਵਿਚ ਸਾਰੇ ਮਾਲ, ਦੁਕਾਨਾਂ ਅਤੇ ਬਾਜ਼ਾਰਾਂ ਨੂੰ ਐਤਵਾਰ ਦੇ ਦਿਨ ਬੰਦ ਕਰਨਾ ਸ਼ਾਮਲ ਹੈ, ਪਹਿਲਾਂ ਵਾਲੀਆਂ ਪਾਬੰਦੀਆਂ ਸਮੇਤ 30 ਅਪ੍ਰੈਲ ਤੱਕ ਲਾਗੂ ਰਹਿਣਗੀਆਂ।

ਮੁੱਖ ਮੰਤਰੀ ਨੇ ਪੁਲਿਸ ਵਿਭਾਗ ਨੂੰ ਇਹ ਪਾਬੰਦੀਆਂ ਸਖ਼ਤੀ ਨਾਲ ਲਾਗੂ ਕਰਨ ਅਤੇ ਲੋੜ ਪੈਣ ਉੱਤੇ ਸਿਵਲ ਸੁਸਾਇਟੀ ਸੰਗਠਨਾਂ ਦੀ ਮਦਦ ਲੈਣ ਦੇ ਵੀ ਹੁਕਮ ਦਿੱਤੇ। ਸਮੁੱਚੇ ਹਫ਼ਤਾਵਾਰੀ ਬਾਜ਼ਾਰ ਵੀ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।
ਉਡਾਣਾਂ ਰਾਹੀਂ ਪੰਜਾਬ ਵਿਚ ਆਉਣ ਵਾਲੇ ਸਾਰੇ ਵਿਅਕਤੀਆਂ ਕੋਲ ਆਰ.ਟੀ.-ਪੀ.ਸੀ.ਆਰ. ਦੀ ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ ਜੋ ਕਿ 72 ਘੰਟਿਆਂ ਤੋਂ ਪੁਰਾਣੀ ਨਾ ਹੋਵੇ ਨਹੀਂ ਤਾਂ ਉਨ੍ਹਾਂ ਦੀ ਹਵਾਈ ਅੱਡੇ ਉੱਤੇ ਹੀ ਆਰ.ਏ.ਟੀ. ਜਾਂਚ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਟਰਾਂਸਪੋਰਟ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਬੱਸਾਂ/ਟੈਕਸੀਆਂ ਅਤੇ ਆਟੋ ਵਿਚ ਲੋਕਾਂ ਦੀ ਗਿਣਤੀ ਦੀ ਸਮਰੱਥਾ 50 ਫੀਸਦੀ ਰੱਖੀ ਜਾਵੇ।

ਸੂਬੇ ਵਿਚ ਆਉਣ ਵਾਲੇ ਯਾਤਰੀਆਂ ਦੀ ਜਾਂਚ ਲਈ ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ਵਿਖੇ ਰੈਪਿਡ ਐਂਟੀਜੈਨ ਟੈਸਟਿੰਗ (ਆਰ.ਏ.ਟੀ.) ਜਾਂਚ ਬੂਥ ਸਥਾਪਿਤ ਕੀਤੇ ਜਾਣਗੇ। ਸਾਰੇ ਯਾਤਰੀਆਂ ਦੀ ਜਾਂਚ ਹੋਵੇਗੀ ਅਤੇ ਕੋਰੋਨਾ ਟੀਕੇ ਵੀ ਲਗਾਏ ਜਾਣਗੇ।

ਪਟਵਾਰੀਆਂ ਦੀ ਭਰਤੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ।

ਮੈਡੀਕਲ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਐਮ.ਬੀ.ਬੀ.ਐਸ./ਬੀ.ਡੀ.ਐਸ./ਬੀ.ਏ.ਐਮ.ਐਸ. ਦੇ ਪਹਿਲੇ, ਦੂਜੇ ਅਤੇ ਤੀਜੇ ਵਰ੍ਹੇ ਤੇ ਪਹਿਲੇ ਵਰ੍ਹੇ ਦੇ ਨਰਸਿੰਗ ਦੇ ਵਿਦਿਆਰਥੀਆਂ ਲਈ ਆਨਲਾਈਨ ਪ੍ਰੀਖਿਆ ਕਰਵਾਈ ਜਾਵੇ।

15 ਮਈ ਤੱਕ ਸਾਰੇ ਸਰਕਾਰੀ ਜਾਂ ਨਿੱਜੀ ਹਸਪਤਾਲ ਵਿਚ ਆਪ੍ਰੇਸ਼ਨ ਨਾ ਕੀਤੇ ਜਾਣ।

ਡਿਪਟੀ ਕਮਿਸ਼ਨਰ ਹੁਣ ਫਿਰ ਕੰਟੇਨਮੈਂਟ/ਮਾਈਕਰੋ-ਕੰਟੇਨਮੈਂਟ ਰਣਨੀਤੀ ਬਣਾ ਕੇ ਇਲਾਕੇ ਸੀਲ ਕਰ ਸਕਦੇ ਹਨ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)