ਲੁਧਿਆਣਾ/ਖੰਨਾ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿਚ ਸੈਕਸ ਰੈਕੇਟ ਚਲਾਉਣ ਵਾਲੀ ਮਹਿਲਾ ਅਤੇ ਉਸ ਦੇ ਪਤੀ ਨੂੰ ਖੰਨਾ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਦੋਵਾਂ ਨੂੰ ਇਕ ਨਾਬਾਲਿਗ ਕੁੜੀ ਤੋਂ ਦੇਹ ਵਪਾਰ ਕਰਵਾਉਣ ਦੇ ਦੋਸ਼ ਵਿਚ ਫੜਿਆ ਗਿਆ ਹੈ। ਕੁੜੀ ਦੇ ਪਰਿਵਾਰ ਦਾ ਦੋਸ਼ ਹੈ ਕਿ ਸੈਕਸ ਰੈਕੇਟ ਚਲਾਉਣ ਵਾਲੀ ਮਹਿਲਾ ਨੇ 13 ਤੋਂ 17 ਸਾਲ ਤਕ ਉਨ੍ਹਾਂ ਦੀ ਕੁੜੀ ਕੋਲੋਂ ਦੇਹ ਵਪਾਰ ਕਰਵਾਇਆ।
ਪੀੜਤ ਪਰਿਵਾਰ ਨੂੰ ਜਦੋਂ ਪੁਲਿਸ ਕੋਲੋਂ ਇਨਸਾਫ਼ ਨਾ ਮਿਲਿਆ ਤਾਂ ਉਨ੍ਹਾਂ ਨੇ ਹਾਈਕੋਰਟ ਵਿਚ ਪਹੁੰਚ ਕੀਤੀ। ਹਾਈ ਕੋਰਟ ਦੇ ਹੁਕਮਾਂ ’ਤੇ ਪਟਿਆਲਾ ਦੇ ਘਨੌਰ ਥਾਣੇ ਵਿਚ ਕੇਸ ਦਰਜ ਕੀਤਾ ਗਿਆ। ਇਸ ਦੇ ਬਾਵਜੂਦ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ, ਜਿਸ ਦੇ ਚਲਦਿਆਂ ਪਰਿਵਾਰ ਨੂੰ ਵਾਰੰਟ ਅਫ਼ਸਰ ਦਾ ਸਹਾਰਾ ਲੈ ਕੇ ਖ਼ੁਦ ਹੀ ਦੋਸ਼ੀਆਂ ਨੂੰ ਫੜਨਾ ਪਿਆ।
ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਦੋਸ਼ੀ ਔਰਤ ਨੇ ਉਨ੍ਹਾਂ ਦੀ ਨਾਬਾਲਿਗ ਕੁੜੀ ਦੇ 18 ਵਿਆਹ ਕਰਵਾ ਕੇ ਲੱਖਾਂ ਦੀ ਕਮਾਈ ਕੀਤੀ। ਉਸ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਜਦੋਂ 13 ਸਾਲ ਦੀ ਸੀ ਤਾਂ ਦੋਸ਼ੀ ਔਰਤ ਦਾ ਪੁੱਤ ਵਿਆਹ ਦਾ ਝਾਂਸਾ ਦੇ ਕੇ ਉਸ ਨੂੰ ਭਜਾ ਕੇ ਲੈ ਗਿਆ ਅਤੇ 4 ਸਾਲ ਤੱਕ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਇਸ ਤੋਂ ਇਲਾਵਾ ਉਨ੍ਹਾਂ ਦੀ ਕੁੜੀ ਨੂੰ ਦੇਹ ਵਪਾਰ ਦੇ ਧੰਦੇ ਵਿਚ ਪਾ ਦਿੱਤਾ। ਪੁਲਿਸ ਨੇ ਸੋਨੀ ਅਤੇ ਉਸ ਦੇ ਪਤੀ ਸ਼ਿਵ ਕੁਮਾਰ ਨੂੰ ਗ੍ਰਿਫ਼ਤਾਰ ਕਰਦਿਆਂ ਪੀੜਤ ਕੁੜੀ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਹੈ।