ਬਠਿੰਡਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਤਲਵੰਡੀ ਸਾਬੋ ਦੇ ਪਿੰਡ ਗਹਿਲੇਵਾਲਾ ਦੇ ਵਸਨੀਕ ਐਂਬੂਲੈਂਸ ਚਾਲਕ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ ’ਤੇ ਇਕ ਵਿਅਕਤੀ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਹੈ। ਮ੍ਰਿਤਕ ਦੀ ਪਛਾਣ ਹਰਦੀਪ ਸਿੰਘ ਵਜੋਂ ਹੋਈ ਹੈ ਜੋ ਕਿ ਐਂਬੂਲੈਂਸ ਚਾਲਕ ਸੀ।
ਮ੍ਰਿਤਕ ਦੀ ਮਾਤਾ ਹਰਵਿੰਦਰ ਕੌਰ ਨੇ ਥਾਣਾ ਤਲਵੰਡੀ ਸਾਬੋ ਵਿਖੇ ਬਿਆਨ ਦਰਜ ਕਰਵਾਏ ਹਨ ਕਿ ਉਸ ਦਾ ਪੁੱਤਰ ਹਰਦੀਪ ਸਿੰਘ (22) ਦਿੱਲੀ ਦੇ ਪ੍ਰਾਈਵੇਟ ਹਸਪਤਾਲ ਦੀ ਐਂਬੂਲੈਂਸ ਚਲਾਉਂਦਾ ਸੀ। 29 ਅਪ੍ਰੈਲ ਨੂੰ ਸਵੇਰੇ 11 ਵਜੇ ਦੇ ਕਰੀਬ ਬਲਵਿੰਦਰ ਸਿੰਘ ਵਾਸੀ ਪਿੰਡ ਗਹਿਲੇਪਾਲਾ ਉਸ ਦੇ ਪੁੱਤਰ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਲੈ ਗਿਆ ਤੇ 12 ਵਜੇ ਦੇ ਕਰੀਬ ਕਾਰ ਵਿਚ ਬਿਠਾ ਕੇ ਵਿਹੜੇ ਵਿਚ ਪਏ ਮੰਜੇ ’ਤੇ ਲਿਟਾ ਕੇ ਭੱਜ ਗਿਆ। ਜਦੋਂ ਉਹ ਪੁੱਤਰ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਹਰਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪੁੱਤਰ ਦੀ ਪਿੱਠ ’ਚ ਗੋਲ਼ੀ ਵੱਜੀ ਹੋਈ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਹਰਦੀਪ ਸਿੰਘ ਅਤੇ ਬਲਵਿੰਦਰ ਸਿੰਘ ’ਚ ਪਹਿਲਾਂ ਝਗੜਾ ਹੋਇਆ ਸੀ, ਜਿਸ ਦੀ ਰੰਜਿਸ਼ ਤਹਿਤ ਉਸ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ।ਇਸ ਸਬੰਧੀ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਦੀ ਸ਼ਿਕਾਇਤ ’ਤੇ ਬਲਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਕਤ ਵਿਅਕਤੀ ਦੀ ਗ੍ਰਿਫ਼ਤਾਰੀ ਹੋਣੀ ਅਜੇ ਬਾਕੀ ਹੈ।