ਇਟਲੀ ‘ਚ ਤੇਲ ਟੈਂਕਰ ਦੀ ਪਹਿਲੀ ਡਰਾਈਵਰ ਕੁੜੀ ਬਣੀ ਪੰਜਾਬਣ, ਪ੍ਰਵਾਸੀ ਔਰਤਾਂ ਲਈ ਬਣੀ ਮਿਸਾਲ

0
1711

ਫਤਿਹਗੜ੍ਹ ਸਾਹਿਬ,  7 ਫਰਵਰੀ | ਪੰਜਾਬ ਦੀ ਰਾਜਦੀਪ ਕੌਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਨੰਦਪੁਰ ਕਲੋੜ ਵਾਸੀ ਕਰਮ ਸਿੰਘ ਅਤੇ ਜਸਪਾਲ ਕੌਰ ਦੀ ਧੀ ਰਾਜਦੀਪ ਕੌਰ ਇਟਲੀ ਦੀ ਪਹਿਲੀ ਪੰਜਾਬਣ ਤੇਲ ਟੈਂਕਰ ਡਰਾਈਵਰ ਬਣ ਕੇ ਪ੍ਰਵਾਸੀ ਔਰਤਾਂ ਲਈ ਮਿਸਾਲ ਬਣੀ ਹੈ। ਜਾਣਕਾਰੀ ਅਨੁਸਾਰ ਰਾਜਦੀਪ ਕੌਰ ਨੂੰ ਬਚਪਨ ਤੋਂ ਹੀ ਖੇਤੀਬਾੜੀ ਨਾਲ ਸਬੰਧਤ ਮਸ਼ੀਨਰੀ ਚਲਾਉਣ ਦਾ ਸ਼ੌਕ ਸੀ।

ਇਸ ਸ਼ੌਕ ਨੇ ਅੱਜ ਉਸ ਨੂੰ ਇਟਲੀ ਦੀ ਪਹਿਲੀ ਅਜਿਹੀ ਪੰਜਾਬਣ ਬਣਾ ਦਿੱਤਾ ਹੈ, ਜੋ ਲੰਬਾਰਦੀਆ, ਇਮਿਲੀਆ ਰੋਮਾਨਾ ਅਤੇ ਕਈ ਹੋਰ ਇਲਾਕਿਆਂ ਵਿਚ ਤੇਲ ਦੇ ਟੈਂਕਰ ਦੀ ਡਰਾਈਵਰ ਬਣ ਕੇ ਪੈਟਰੋਲ ਪੰਪਾਂ ਉਪਰ ਤੇਲ ਦੀ ਸਪਲਾਈ ਪਹੁੰਚਾਉਣ ਦਾ ਜੋਖ਼ਮ ਭਰਿਆ ਕੰਮ ਕਰ ਰਹੀ ਹੈ।

ਦਰਅਸਲ ਖਤਰੇ ਵਾਲਾ ਕੰਮ ਹੋਣ ਕਾਰਨ ਇਸ ਖੇਤਰ ਵਿਚ ਇਟਾਲੀਅਨ ਕੁੜੀਆਂ ਨਾ ਦੇ ਬਰਾਬਰ ਹਨ। ਇਕ ਇੰਟਰਵਿਊ ਦੌਰਾਨ ਰਾਜਦੀਪ ਕੌਰ ਨੇ ਕਿਹਾ ਕਿ ਪਹਿਲਾਂ ਉਸ ਨੇ ਫੈਕਟਰੀ ਵਿਚ ਕੰਮ ਕੀਤਾ ਅਤੇ ਫਿਰ ਹਸਪਤਾਲ ਵਿਚ ਵਾਰਡ ਸਹਿਯੋਗੀ ਵਜੋਂ ਵੀ ਸੇਵਾਵਾਂ ਦਿੱਤੀਆਂ ਪਰ ਉਸ ਨੂੰ ਸਕੂਨ ਨਹੀਂ ਮਿਲਿਆ। ਉਹ ਕੁਝ ਵੱਖਰਾ ਕਰਨਾ ਚਾਹੁੰਦੀ ਸੀ, ਇਸ ਦੌਰਾਨ ਉਸ ਨੇ ਸੋਸ਼ਲ ਮੀਡੀਆ ’ਤੇ ਕੈਨੇਡਾ ਦੀ ਇਕ ਕੁੜੀ ਨੂੰ ਟਰੱਕ ਚਲਾਉਂਦਿਆਂ ਦੇਖਿਆ।

ਇਸ ਤੋਂ ਬਾਅਦ ਉਸ ਨੇ ਵੀ ਆਪਣਾ ਮਨ ਟਰੱਕ ਡਰਾਈਵਰ ਬਣਨ ਦਾ ਬਣਾ ਲਿਆ। ਇਸ ਖੇਤਰ ਵਿਚ ਚਾਹੇ ਉਸ ਨੂੰ ਬਹੁਤ ਸੰਘਰਸ਼ ਕਰਨਾ ਪਿਆ ਪਰ ਪਤੀ ਹਰਜਿੰਦਰ ਸਿੰਘ ਤੇ ਪਰਿਵਾਰ ਦੇ ਸਹਿਯੋਗ ਸਦਕਾ ਅੱਜ ਉਸ ਦਾ ਸੁਪਨਾ ਪੂਰਾ ਹੋ ਗਿਆ ਹੈ। ਰਾਜਦੀਪ ਕੌਰ ਨੇ ਆਪਣੇ ਜਨਮ ਦਿਨ ਮੌਕੇ ਇਟਲੀ ਦੀਆਂ ਪੰਜਾਬਣਾਂ ਨੂੰ ਸੁਨੇਹਾ ਦਿੱਤਾ ਕਿ ਜ਼ਿੰਦਗੀ ਵਿਚ ਕਾਮਯਾਬ ਹੋਣ ਦਾ ਮੌਕਾ ਦੇਰ-ਸਵੇਰ ਵਾਹਿਗੁਰੂ ਸਭ ਨੂੰ ਦਿੰਦਾ ਜ਼ਰੂਰ ਹੈ ਪਰ ਮਿਹਨਤ, ਸੰਘਰਸ਼ ਤੇ ਬੁਲੰਦ ਇਰਾਦਿਆਂ ਨਾਲ ਹਾਸਲ ਕੀਤੀ ਕਾਮਯਾਬੀ ਦਾ ਅਨੰਦ ਵੱਖਰਾ ਹੀ ਹੁੰਦਾ ਹੈ।