ਰਾਜਸਥਾਨ : ਕਾਂਗਰਸੀ ਮੰਤਰੀ ਦਾ ਵਿਵਾਦਤ ਬਿਆਨ, ਕਿਹਾ- ਰਾਮ, ਰਾਵਣ ਸੀਤਾ ਪਿੱਛੇ ਪਾਗਲ ਸੀ, ਗਹਿਲੋਤ-ਪਾਇਲਟ ਮੇਰੇ ਪਿੱਛੇ

0
399

ਰਾਜਸਥਾਨ| ਕਾਂਗਰਸ ਦੇ ਸੈਨਿਕ ਭਲਾਈ ਮੰਤਰੀ ਰਾਜਿੰਦਰ ਗੁੜ੍ਹਾ ਅਕਸਰ ਆਪਣੇ ਬਿਆਨਾਂ ਕਾਰਨ ਚਰਚਾ ‘ਚ ਰਹਿੰਦੇ ਹਨ। ਮੰਗਲਵਾਰ ਨੂੰ ਝੁੰਝਨੂ ਦੇ ਉਦੈਪੁਰ ਵਟੀ ‘ਚ ਐਕਸਰੇ ਮਸ਼ੀਨ ਦਾ ਉਦਘਾਟਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਸ਼੍ਰੀਰਾਮ ਅਤੇ ਰਾਵਣ ਦੋਵੇਂ ਮਾਂ ਸੀਤਾ ਦੀ ਸੁੰਦਰਤਾ ਉਤੇ ਪਾਗਲ ਹੋ ਗਏ ਸਨ। ਇੱਥੇ ਉਨ੍ਹਾਂ ਨੇ ਆਪਣੀ ਤੁਲਨਾ ਮਾਂ ਸੀਤਾ ਨਾਲ ਕਰਦੇ ਹੋਏ ਕਿਹਾ ਕਿ ਅੱਜ ਕੱਲ ਗਹਿਲੋਤ ਅਤੇ ਪਾਇਲਟ ਦੋਵੇਂ ਮੇਰੇ ਪਿੱਛੇ ਭੱਜ ਰਹੇ ਹਨ। ਮੇਰੇ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਹੈ।

ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਮੰਤਰੀ ਗੁੜ੍ਹਾ ਨੇ ਕਿਹਾ ਕਿ ਮਾਤਾ ਸੀਤਾ ਦੀ ਸੁੰਦਰਤਾ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੀ ਖਿੱਚ ਕਾਰਨ ਸ਼੍ਰੀਰਾਮ ਅਤੇ ਰਾਵਣ ਵਰਗੇ ਅਦਭੁਤ ਲੋਕ ਪਾਗਲ ਹੋ ਗਏ ਸਨ। ਇਸੇ ਤਰ੍ਹਾਂ ਅੱਜ ਕੱਲ ਗਹਿਲੋਤ ਅਤੇ ਪਾਇਲਟ ਵੀ ਮੇਰੇ ਮਗਰ ਦੌੜ ਰਹੇ ਹਨ, ਯਕੀਨਨ ਮੇਰੇ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਹੈ।

ਗੁੜ੍ਹਾ ਨੇ ਅੱਗੇ ਕਿਹਾ ਕਿ ਅੱਜਕੱਲ੍ਹ ਲੋਕ ਚਰਚਾ ਕਰ ਰਹੇ ਹਨ ਕਿ ਇਸ ਵਾਰ ਗੁੜ੍ਹਾ ਨੂੰ ਕਿਸ ਪਾਰਟੀ ਤੋਂ ਟਿਕਟ ਮਿਲੇਗੀ। ਮੈਂ ਉਨ੍ਹਾਂ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਤਾਂ ਮੇਰੇ ਕਰਮਾਂ ਦੇ ਹਿਸਾਬ ਨਾਲ ਆਪਣੇ ਚਿਹਰੇ ਉਤੇ ਵੋਟਾਂ ਮਿਲਦੀਆਂ ਹਨ ਨਾ ਕਿ ਕਿਸੇ ਪਾਰਟੀ ਦੇ ਚੋਣ ਨਿਸ਼ਾਨ ‘ਤੇ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਵਾਲੇ ਕਦੇ ਹਿੰਦੂ-ਮੁਸਲਿਮ ਦੇ ਨਾਂਅ ‘ਤੇ ਵੋਟਾਂ ਮੰਗਦੇ ਹਨ ਤੇ ਕਦੇ ਮੰਦਰ-ਮਸਜਿਦ ਦੇ ਨਾਂਅ ‘ਤੇ | ਇਸ ਲਈ ਕਈ ਵਾਰ ਉਹ ਮੋਦੀ-ਯੋਗੀ ਦੇ ਨਾਂ ‘ਤੇ ਵੀ ਵੋਟਾਂ ਮੰਗ ਰਹੇ ਹਨ।