ਰਾਜਸਥਾਨ, 19 ਨਵੰਬਰ | ਜੈਪੁਰ ਵਿਚ ਇਕ ਵਾਰ ਫਿਰ ਬਲਾਤਕਾਰ ਦੀ ਇਕ ਵੱਡੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਹਰਮਾੜਾ ਥਾਣਾ ਖੇਤਰ ਵਿਚ ਇਕ ਮਿੰਨੀ ਬੱਸ ਦੇ ਡਰਾਈਵਰ ਵੱਲੋਂ ਔਰਤ ਨੂੰ ਅਗਵਾ ਕਰ ਲਿਆ ਗਿਆ। ਬਾਅਦ ਵਿਚ ਉਨ੍ਹਾਂ ਨੇ ਉਸ ਨੂੰ ਜ਼ਬਰਦਸਤੀ ਸ਼ਰਾਬ ਪਿਲਾਈ ਅਤੇ ਜਬਰ-ਜ਼ਨਾਹ ਕੀਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬੱਸ ਡਰਾਈਵਰ ਪੀੜਤਾ ਨੂੰ ਬੇਹੋਸ਼ੀ ਦੀ ਹਾਲਤ ‘ਚ ਛੱਡ ਕੇ ਫਰਾਰ ਹੋ ਗਿਆ।
ਔਰਤ ਦੇ ਲਾਪਤਾ ਹੋਣ ਦੀ ਖਬਰ ਲੈ ਕੇ ਜਦੋਂ ਉਸ ਦਾ ਪਰਿਵਾਰ ਥਾਣਾ ਹਰਮਾੜਾ ਪੁੱਜਿਆ ਤਾਂ ਪੁਲਿਸ ਮੁਲਾਜ਼ਮਾਂ ਨੇ ਰਿਪੋਰਟ ਦਰਜ ਕਰਨ ਦੀ ਬਜਾਏ ਉਨ੍ਹਾਂ ਨੂੰ ਭਜਾ ਦਿੱਤਾ। ਪੁਲਿਸ ਕਮਿਸ਼ਨਰ ਨੇ ਮਾਮਲੇ ਵਿਚ ਲਾਪਰਵਾਹੀ ਵਰਤਣ ਵਾਲੇ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ।
ਘਟਨਾ ਤੋਂ ਬਾਅਦ ਹੰਗਾਮੇ ਦੀ ਸੂਚਨਾ ਮਿਲਣ ‘ਤੇ ਭਾਜਪਾ ਉਮੀਦਵਾਰ ਦੀਆ ਕੁਮਾਰੀ ਵੀ ਮੌਕੇ ‘ਤੇ ਪਹੁੰਚ ਗਈ, ਜਿਸ ਤੋਂ ਬਾਅਦ ਮਾਮਲਾ ਉੱਚ ਅਧਿਕਾਰੀਆਂ ਤੱਕ ਪਹੁੰਚਿਆ। ਇਸ ’ਤੇ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਬੱਸ ਚਾਲਕ ਦੀ ਪਛਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਮੁਤਾਬਕ ਬਲਾਤਕਾਰ ਦੀ ਘਟਨਾ ਵੀਰਵਾਰ ਨੂੰ ਜੈਪੁਰ ‘ਚ ਵਾਪਰੀ। ਬਲਾਤਕਾਰ ਪੀੜਤਾ ਵੀਰਵਾਰ ਦੁਪਹਿਰ 2 ਵਜੇ ਆਪਣੀ ਸੱਸ ਨਾਲ ਬਾਜ਼ਾਰ ਤੋਂ ਘਰ ਪਰਤ ਰਹੀ ਸੀ। ਇਸ ਦੌਰਾਨ ਇਕ ਬੱਸ ਡਰਾਈਵਰ ਨੇ ਔਰਤ ਨੂੰ ਅਗਵਾ ਕਰ ਲਿਆ। ਪੀੜਤਾ ਆਪਣੇ ਘਰ ਤੋਂ ਕੁਝ ਦੂਰ ਨਸ਼ੇ ਦੀ ਹਾਲਤ ‘ਚ ਮਿਲੀ। ਉਸ ਨੇ ਦੱਸਿਆ ਕਿ ਡਰਾਈਵਰ ਨੇ ਉਸ ਨੂੰ ਜ਼ਬਰਦਸਤੀ ਸ਼ਰਾਬ ਪਿਲਾਈ ਅਤੇ ਬਲਾਤਕਾਰ ਕੀਤਾ।
ਸ਼ੁੱਕਰਵਾਰ ਨੂੰ ਜਿਵੇਂ ਹੀ ਸਥਾਨਕ ਲੋਕਾਂ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਥੇ ਹੰਗਾਮਾ ਹੋ ਗਿਆ। ਇਸ ਨੂੰ ਲੈ ਕੇ ਸਥਾਨਕ ਲੋਕਾਂ ‘ਚ ਭਾਰੀ ਗੁੱਸਾ ਸੀ। ਲੋਕਾਂ ਨੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਬਾਅਦ ‘ਚ ਐਡੀਸ਼ਨਲ ਡੀਸੀਪੀ ਰਾਮ ਸਿੰਘ ਸ਼ੇਖਾਵਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਪੀੜਤ ਔਰਤ ਦਾ ਮੈਡੀਕਲ ਕਰਵਾਇਆ ਹੈ। ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।