ਗਿੱਦੜਬਾਹਾ| ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਗਿੱਦੜਬਾਹਾ ਹਲਕੇ ‘ਚ ਚਿੱਟਾ ਵਿਕਣ ਦੇ ਦੋਸ਼ਾਂ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਉਨ੍ਹਾਂ ਦੇ ਇਲਾਕੇ ‘ਚ ਚਿੱਟਾ ਵਿਕ ਰਿਹਾ ਹੋਏਗਾ ਕਿਉਂਕਿ ਇਹ ਪੂਰੇ ਪੰਜਾਬ ‘ਚ ਵਿਕ ਰਿਹਾ ਹੈ ਪਰ ਇਸ ਨਾਲ ਉਹ ਵਿਧਾਨ ਸਭਾ ‘ਚ ਅੰਮ੍ਰਿਤਪਾਲ ਸਿੰਘ ਦੇ ਮੁੱਦੇ ‘ਤੇ ਬੋਲਣ ਤੋਂ ਨਹੀਂ ਰੁਕਣਗੇ ਕਿਉਂਕਿ ਲਾਅ ਤੇ ਆਰਡਰ ਵੀ ਇੱਕ ਗੰਭੀਰ ਮਸਲਾ ਹੈ।
ਰਾਜਾ ਵੜਿੰਗ ਨੇ ਕਿਹਾ ਕਿ ਮੇਰੇ ਇਲਾਕੇ ਵਿੱਚ ਬਾਕੀ ਇਲਾਕਿਆਂ ਦੇ ਮੁਕਾਬਲੇ ਘੱਟ ਚਿੱਟਾ ਵਿਕਦਾ ਹੋਏਗਾ। ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਇਸ ਤਰ੍ਹਾਂ ਬੋਲਣ ਨਾਲ ਉਹ ਵਿਧਾਨ ਸਭਾ ‘ਚ ਆਪਣਾ ਮੁੱਦਾ ਚੁੱਕਣ ਤੋਂ ਰੁਕਣ ਵਾਲੇ ਨਹੀਂ।
ਦਰਅਸਲ ਭਾਈ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਗੜ੍ਹ ਵਿੱਚ ਜਾ ਕੇ ਉਨ੍ਹਾਂ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਰਾਜਾ ਵੜਿੰਗ ਵਿਧਾਨ ਸਭਾ ਵਿੱਚ ਮੇਰੀ ਗ੍ਰਿਫਤਾਰੀ ਦੀ ਮੰਗ ਕਰ ਰਿਹਾ ਹੈ ਪਰ ਉਸਦੇ ਆਪਣੇ ਇਲਾਕੇ ਵਿੱਚ ਚਿੱਟਾ ਵਿਕ ਰਿਹਾ ਹੈ। ਮੇਰੀ ਗ੍ਰਿਫਤਾਰੀ ਦੀ ਮੰਗ ਤੋਂ ਪਹਿਲਾਂ ਉਹ ਆਪਣੇ ਇਲਾਕੇ ਵਿੱਚ ਆ ਕੇ ਚਿੱਟਾ ਵਿਕਣਾ ਬੰਦ ਕਰਾਵੇ। ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਸ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਕਿ ਆਪਣੇ ਇਲਾਕੇ ਵਿੱਚ ਚਿੱਟੇ ‘ਤੇ ਕੰਟਰੋਲ ਨਹੀਂ ਕਰ ਸਕਿਆ।
ਹੋਲੀ ਵਾਲੇ ਦਿਨ ਬੁੱਧਵਾਰ ਨੂੰ ਗਿੱਦੜਬਾਹਾ ਪਹੁੰਚੇ ਭਾਈ ਅੰਮ੍ਰਿਤਪਾਲ ਸਿੰਘ ਤੋਂ ਸਵਾਲ ਪੁੱਛਿਆ ਗਿਆ ਕਿ ਅਜਨਾਲਾ ਦਾ ਮੁੱਦਾ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਗੁੰਜਿਆ ਹੈ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਕਿਉਂ ਲਾਉਂਦੇ ਹਨ। ਜੇ ਮੇਰੀ ਗ੍ਰਿਫਤਾਰੀ ਕਰਕੇ ਲਾ ਰਹੇ ਹਨ ਤਾਂ ਉਸ ਦਾ ਨਾਮ ਬਦਲ ਦੇਣ। ਲੋਕਾਂ ਨੇ ਵੋਟ ਪਾਈ ਹੈ, ਉਨ੍ਹਾਂ ਦੇ ਮੁੱਦੇ ਛੱਡ ਕੇ ਹੋਰ ਮੁੱਦੇ ‘ਤੇ ਗੱਲ ਕਰ ਰਹੇ ਹਨ।