ਰਾਜਾ ਵੜਿੰਗ ਵੱਲੋਂ ਚੰਡੀਗੜ੍ਹ ਦੇ ਅੰਤਰਰਾਜੀ ਬੱਸ ਅੱਡੇ ਉੱਤੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਦੀ ਗੁੰਡਾਗਰਦੀ ਦਾ ਪਰਦਾਫ਼ਾਸ਼

0
891

ਚੰਡੀਗੜ੍ਹ | ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਚੰਡੀਗੜ੍ਹ ਦੇ ਅੰਤਰਰਾਜੀ ਬੱਸ ਅੱਡੇ ‘ਤੇ ਪ੍ਰਾਈਵੇਟ ਬੱਸ ਆਪ੍ਰੇਟਰ ਦੇ ਮੁਲਾਜ਼ਮਾਂ ਵੱਲੋਂ ਸਰਕਾਰੀ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਪਰਦਾਫ਼ਾਸ਼ ਕੀਤਾ। ਉਨ੍ਹਾਂ ਜਿਥੇ ਪ੍ਰਾਈਵੇਟ ਬੱਸ ਨੂੰ ਜ਼ਬਤ ਕਰਵਾਇਆ, ਉਥੇ ਪ੍ਰਾਈਵੇਟ ਆਪ੍ਰੇਟਰ ਦੇ ਕਾਰਿੰਦਿਆਂ ਨੂੰ ਵੀ ਪੁਲਿਸ ਹਵਾਲੇ ਕੀਤਾ।

ਇੱਥੋਂ ਦੇ ਸੈਕਟਰ-43 ਦੇ ਬੱਸ ਅੱਡੇ ਉਤੇ ਪ੍ਰਾਈਵੇਟ ਟਰਾਂਸਪੋਰਟ ਕੰਪਨੀ ਜੁਝਾਰ ਟਰਾਂਸਪੋਰਟ ਕੰਪਨੀ ਦੇ ਕਾਰਿੰਦਿਆਂ ਨੇ ਗੁੰਡਾਗਰਦੀ ਕਰਦਿਆਂ ਪੰਜਾਬ ਦੀ ਸਰਕਾਰੀ ਵਾਲਵੋ ਬੱਸ ਨੂੰ ਧੱਕੇ ਨਾਲ ਰੋਕ ਕੇ ਸਾਰੀਆਂ ਸਵਾਰੀਆਂ ਨੂੰ ਉਤਾਰ ਦਿੱਤਾ। ਇਸ ਗੁੰਡਾਗਰਦੀ ਬਾਰੇ ਸਰਕਾਰੀ ਬੱਸ ਦੇ ਡਰਾਈਵਰ ਨੇ ਸਿੱਧਾ ਟਰਾਂਸਪੋਰਟ ਮੰਤਰੀ ਨੂੰ ਫੋਨ ਕਰ ਦਿੱਤਾ ਜਿਸ ਪਿੱਛੋਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਮੌਕੇ ਉਤੇ ਪੁੱਜੇ ਅਤੇ ਉਨ੍ਹਾਂ ਮੌਕੇ ਉਤੇ ਪੁਲਿਸ ਬੁਲਾ ਕੇ ਪ੍ਰਾਈਵੇਟ ਕੰਪਨੀ ਦੇ ਕਾਰਿੰਦਿਆਂ ਨੂੰ ਪੁਲਿਸ ਹਵਾਲੇ ਕਰਵਾਇਆ ਅਤੇ ਕੰਪਨੀ ਦੀ ਬੱਸ ਜ਼ਬਤ ਕਰਵਾਈ।

ਰਾਜਾ ਵੜਿੰਗ ਨੇ ਦੱਸਿਆ ਕਿ ਪਨਬੱਸ ਡਿੱਪੂ ਸ੍ਰੀ ਮੁਕਤਸਰ ਸਾਹਿਬ ਵੱਲੋਂ ਚੰਡੀਗੜ੍ਹ ਤੋਂ ਗੰਗਾਨਗਰ ਵਾਇਆ ਲੁਧਿਆਣਾ, ਮੋਗਾ, ਸ੍ਰੀ ਮੁਕਤਸਰ ਸਾਹਿਬ ਦੋ ਵਾਲਵੋ ਸੁਪਰ ਇੰਟੈਰਗਲ ਬੱਸਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚੋਂ ਇਕ ਬੱਸ ਨੰਬਰ ਪੀ.ਬੀ. 04 ਏਏ -7439, ਜਿਸ ਨੂੰ ਡਰਾਈਵਰ ਅਵਤਾਰ ਸਿੰਘ ਚਲਾ ਰਿਹਾ ਸੀ, ਜਦੋਂ ਸੈਕਟਰ-43 ਬੱਸ ਸਟੈਂਡ ਵਿੱਚੋਂ ਆਪਣੇ ਬਣਦੇ ਟਾਈਮ ਦੁਪਹਿਰੇ 02:05 ਵਜੇ ਵਾਪਸੀ ਰੂਟ ਲੁਧਿਆਣਾ-ਸ੍ਰੀ ਮੁਕਤਸਰ ਸਾਹਿਬ ਲਈ ਰਵਾਨਾ ਹੋਣ ਲੱਗੀ ਤਾਂ ਜੁਝਾਰ ਟਰਾਂਸਪੋਰਟ ਕੰਪਨੀ ਦੇ ਅੱਡਾ ਇੰਚਾਰਜ ਮਨਜੀਤ ਸਿੰਘ ਅਤੇ ਠੇਕੇਦਾਰ ਰਾਜਵੀਰ ਸਿੰਘ ਨੇ ਗੁੰਡਾਗਰਦੀ ਕਰਦੇ ਹੋਏ ਇਸ ਬੱਸ ਨੂੰ ਰਵਾਨਾ ਹੋਣ ਤੋਂ ਰੋਕ ਦਿੱਤਾ ਅਤੇ ਸਵਾਰੀਆਂ ਨੂੰ ਉਤਾਰ ਦਿੱਤਾ।ਇਸ ਬਾਰੇ ਬੱਸ ਡਰਾਈਵਰ ਨੇ ਟਰਾਂਸਪੋਰਟ ਮੰਤਰੀ ਸ੍ਰੀ ਰਾਜਾ ਵੜਿੰਗ ਨੂੰ ਫੋਨ ਕੀਤਾ, ਜਿਸ ਉਤੇ ਟਰਾਂਸਪੋਰਟ ਮੰਤਰੀ ਤੁਰੰਤ ਮੌਕੇ ਉਤੇ ਪੁੱਜੇ ਅਤੇ ਉਨ੍ਹਾਂ ਪੁਲਿਸ ਬੁਲਾਈ। ਉਨ੍ਹਾਂ ਜੁਝਾਰ ਟਰਾਂਸਪੋਰਟ ਕੰਪਨੀ ਦੀ ਬੱਸ ਨੂੰ ਜ਼ਬਤ ਕਰਨ ਲਈ ਪੁਲਿਸ ਨੂੰ ਆਖਿਆ ਅਤੇ ਪ੍ਰਾਈਵੇਟ ਕੰਪਨੀ ਦੇ ਮੁਲਾਜ਼ਮਾਂ ਨੂੰ ਪੁਲਿਸ ਹਵਾਲੇ ਕਰਵਾਇਆ।

ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਕਿਸੇ ਵੀ ਪ੍ਰਾਈਵੇਟ ਆਪ੍ਰੇਟਰ ਜਾਂ ਉਸ ਦੇ ਕਿਸੇ ਕਾਰਿੰਦੇ ਨੂੰ ਗੁੰਡਾਗਰਦੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਭਵਿੱਖ ਵਿੱਚ ਕੋਈ ਵਿਅਕਤੀ ਅਜਿਹੀ ਹਰਕਤ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਇਸ ਬੱਸ ਦੇ ਟਾਈਮ ਨੂੰ ਪਹਿਲਾਂ ਹੀ ਸਕੱਤਰ ਸਟੇਟ ਟਰਾਂਸਪੋਰਟ ਅਥਾਰਟੀ, ਯੂ.ਟੀ. ਚੰਡੀਗੜ੍ਹ ਨੇ ਆਪਣੇ ਮੀਮੋ ਨੰਬਰ ਵੱਲੋਂ ਆਪਣੇ ਮੀਮੋ ਨੰ : 3723 / ਐਸ.ਟੀ.ਏ / 2018 ਮਿਤੀ : 25/04/2018 ਰਾਹੀਂ ਪ੍ਰਵਾਨਗੀ ਦਿੱਤੀ ਹੋਈ ਹੈ।