ਪੋਰਨ ਫ਼ਿਲਮ ਮਾਮਲੇ ‘ਚ ਰਾਜ ਕੁੰਦਰਾ ਨੂੰ ਮਿਲੀ ਜ਼ਮਾਨਤ, ਅੱਜ ਆਉਣਗੇ ਜੇਲ੍ਹ ‘ਚੋਂ ਬਾਹਰ

0
3201

ਮੁੰਬਈ | ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਅਸ਼ਲੀਲ ਫ਼ਿਲਮਾਂ ਨਾਲ ਜੁੜੇ ਮਾਮਲਿਆਂ ‘ਚ 2 ਮਹੀਨੇ ਪਹਿਲਾਂ ਗ੍ਰਿਫ਼ਤਾਰ ਹੋਏ ਸਨ, ਜਿਸ ਤੋਂ ਬਾਅਦ ਸ਼ਿਲਪਾ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਹੁਣ ਸ਼ਿਲਪਾ ਤੇ ਰਾਜ ਕੁੰਦਰਾ ਲਈ ਚੰਗੀ ਖ਼ਬਰ ਹੈ ਕਿ ਸੋਮਵਾਰ ਇਕ ਮੈਜਿਸਟ੍ਰੇਟ ਅਦਾਲਤ ਨੇ ਰਾਜ ਕੁੰਦਰਾ ਨੂੰ ਜ਼ਮਾਨਤ ਦੇ ਦਿੱਤੀ। ਇਸ ਤੋਂ ਬਾਅਦ ਅੱਜ ਰਾਜ ਕੁੰਦਰਾ ਜੇਲ੍ਹ ‘ਚੋਂ ਬਾਹਰ ਆਉਣਗੇ। ਅਦਾਲਤ ਨੇ ਕੁੰਦਰਾ ਨੂੰ 50 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ‘ਤੇ ਜ਼ਮਾਨਤ ਦੇ ਦਿੱਤੀ ਹੈ।

ਸ਼ਨੀਵਾਰ ਨੂੰ ਕੁੰਦਰਾ ਨੇ ਜ਼ਮਾਨਤ ਅਰਜ਼ੀ ਦਾਇਰ ਕਰਦਿਆਂ ਦਾਅਵਾ ਕੀਤਾ ਸੀ ਕਿ ਉਸ ਨੂੰ ‘ਬਲੀ ਦਾ ਬੱਕਰਾ’ ਬਣਾਇਆ ਜਾ ਰਿਹਾ ਹੈ। ਮਾਮਲੇ ਵਿੱਚ ਦਾਇਰ ਚਾਰਜਸ਼ੀਟ ‘ਚ ਉਸ ਵਿਰੁੱਧ ਕੋਈ ਸਬੂਤ ਨਹੀਂ ਹੈ। ਅਪਰਾਧ ਸ਼ਾਖਾ ਜੋ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਨੇ ਹਾਲ ਹੀ ‘ਚ ਕੁੰਦਰਾ ਤੇ 3 ਹੋਰਨਾਂ ਖਿਲਾਫ ਕਥਿਤ ਤੌਰ ‘ਤੇ ਅਸ਼ਲੀਲ ਫਿਲਮਾਂ ਬਣਾਉਣ ਤੇ ਕੁਝ ਐਪਸ ਦੀ ਮਦਦ ਨਾਲ ਉਨ੍ਹਾਂ ਨੂੰ ਪ੍ਰਸਾਰਿਤ ਕਰਨ ਲਈ ਇਕ ਚਾਰਜਸ਼ੀਟ ਦਾਇਰ ਕੀਤੀ ਸੀ।

ਰਾਜ ਕੁੰਦਰਾ ਨੂੰ 19 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਵਿਰੁੱਧ ਭਾਰਤੀ ਦੰਡਾਵਲੀ ਅਤੇ ਸੂਚਨਾ ਟੈਕਨਾਲੋਜੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।