ਜਲੰਧਰ ‘ਚ ਵਰ੍ਹਿਆ ਗੋਲ਼ੀਆਂ ਦਾ ਮੀਂਹ : 2 ਧੜਿਆਂ ‘ਚ ਹੋਇਆ ਖੂਨੀ ਟਕਰਾਅ, 3 ਦੇ ਲੱਤਾਂ ਤੇ ਇਕ ਦੇ ਪੇਟ ‘ਚ ਲੱਗੀਆਂ ਗੋਲ਼ੀਆਂ

0
552

ਜਲੰਧਰ। ਮਲਸੀਆਂ ਵਿਖੇ ਦੋ ਧਿਰਾਂ ਦੀ ਆਪਸੀ ਰੰਜਿਸ਼ ਕਾਰਨ ਹੋਈ ਝੜਪ ਦੌਰਾਨ ਗੋਲੀ ਚੱਲਣ ਕਾਰਨ 4 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਮਾਡਲ ਟਾਊਨ ਮਲਸੀਆਂ ਵਿਖੇ ਦੋ ਧਿਰਾਂ ਦੀ ਆਪਸੀ ਰੰਜਿਸ਼ ‘ਚ ਹੋਈ ਗੋਲੀਬਾਰੀ ਦੌਰਾਨ ਅਰਸ਼ਦੀਪ ਸਿੰਘ ਵਾਸੀ ਫੱਖਰੂਵਾਲ, ਰਾਜਵਿੰਦਰ ਸਿੰਘ ਵਾਸੀ ਮੁਹੱਲਾ ਬਾਗਵਾਲਾ (ਸ਼ਾਹਕੋਟ) ਤੇ ਵਿਨੋਦ ਕੁਮਾਰ ਵਾਸੀ ਜੈਨ ਕਾਲੋਨੀ  ਅਤੇ ਹਰਜਿੰਦਰ ਸਿੰਘ ਜ਼ਖਮੀ ਹੋਏ ਹਨ। ਇਨ੍ਹਾ ਨੂੰ ਜਲੰਧਰ ਦੇ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਹੈ।


ਜਲੰਧਰ ਦੀ ਸ਼ਾਹਕੋਟ ਸਬ-ਡਿਵੀਜ਼ਨ ਅਧੀਨ ਪੈਂਦੇ ਮਲਸੀਆਂ ਕਸਬੇ ਵਿੱਚ ਰਾਜਾ ਅਤੇ ਗਿੰਦਾ ਧੜਿਆਂ ਵਿੱਚ ਝੜਪ ਹੋ ਗਈ। ਦੋਵਾਂ ਨੇ ਜ਼ੋਰਦਾਰ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ਵਿੱਚ ਚਾਰ ਨੌਜਵਾਨ ਜ਼ਖ਼ਮੀ ਹੋ ਗਏ ਹਨ। ਤਿੰਨਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਹਨ। ਜਦਕਿ ਇੱਕ ਦੇ ਪੇਟ ਵਿੱਚ ਗੋਲੀ ਲੱਗੀ ਹੈ। ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਸ਼ਾਹਕੋਟ ਸਿਵਲ ਹਸਪਤਾਲ ਤੋਂ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ।

ਰਾਜਾ ਅਤੇ ਗਿੰਦਾ ਦੇ ਦੋ ਧੜਿਆਂ ਵਿੱਚ ਜਿਸ ਵਿੱਚ ਇੱਟ-ਪੱਥਰ ਅਤੇ ਗੋਲੀਆਂ ਚਲਾਈਆਂ ਗਈਆਂ ਹਨ, ਪਹਿਲਾਂ ਵੀ ਲੜਾਈ ਹੋਈ ਸੀ। ਇਸੇ ਝਗੜੇ ਦੀ ਦੁਸ਼ਮਣੀ ਨੂੰ ਖਤਮ ਕਰਨ ਲਈ ਦੋਵਾਂ ਧੜਿਆਂ ਦੀ ਮੀਟਿੰਗ ਮਾਡਲ ਟਾਊਨ ਨੇੜੇ ਚਿੱਟੀ ਬੇਣ ਵਿਖੇ ਬੁਲਾਈ ਗਈ। ਸਮਝੌਤਾ ਮੀਟਿੰਗ ਦੌਰਾਨ ਹੀ ਦੋਵੇਂ ਧੜਿਆਂ ਦੇ ਨੌਜਵਾਨਾਂ ਨੇ ਇੱਕ ਦੂਜੇ ਨਾਲ ਫਿਰ ਬਹਿਸ ਕੀਤੀ। ਕੁਝ ਦੇਰ ਵਿੱਚ ਨੌਬਤ ਲੜਾਈ ਤੱਕ ਪਹੁੰਚ ਗਈ। ਦੋਵਾਂ ਧੜਿਆਂ ਵਿੱਚ ਇੱਟਾਂ-ਪੱਥਰ ਤੇ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ।

ਇੱਕ ਪਾਸੇ ਜਿੱਥੇ ਮਲਸੀਆਂ ਵਿੱਚ ਨਗਰ ਕੀਰਤਨ ਹੋ ਰਿਹਾ ਸੀ, ਦੂਜੇ ਪਾਸੇ ਗੋਲੀਆਂ ਚੱਲ ਰਹੀਆਂ ਸਨ। ਇਸ ਗੋਲੀਬਾਰੀ ਵਿੱਚ ਰਾਜਾ ਧੜੇ ਦੇ ਮੁਖੀ ਰਾਜਵਿੰਦਰ ਵਾਸੀ ਬਾਗਵਾਲਾ (ਸ਼ਾਹਕੋਟ) ਅਤੇ ਗਿੰਦਾ ਧੜੇ ਦੇ ਹਰਜਿੰਦਰ ਵਾਸੀ ਮਲਸੀਆਂ ਨੂੰ ਵੀ ਗੋਲੀਆਂ ਲੱਗੀਆਂ।

ਹਰਜਿੰਦਰ ਦੀ ਲੱਤ ਵਿੱਚ ਗੋਲੀ ਲੱਗੀ ਹੈ। ਜਦਕਿ ਰਾਜਵਿੰਦਰ ਦੇ ਪੱਟ ਵਿੱਚ ਗੋਲੀ ਲੱਗੀ ਹੈ। ਇਨ੍ਹਾਂ ਤੋਂ ਇਲਾਵਾ ਵਿਨੋਦ ਵਾਸੀ ਜੈਨ ਕਲੋਨੀ ਸ਼ਾਹਕੋਟ, ਅਰਸ਼ਦੀਪ ਸਿੰਘ ਵਾਸੀ ਫਖਰੂਵਾਲ ਜ਼ਖ਼ਮੀ ਹੋ ਗਏ। ਵਿਨੋਦ ਦੇ ਪੇਟ ਵਿੱਚ ਗੋਲੀ ਲੱਗੀ ਹੈ। ਉਸ ਨੂੰ ਗੰਭੀਰ ਹਾਲਤ ਵਿਚ ਸ਼ਾਹਕੋਟ ਸਿਵਲ ਹਸਪਤਾਲ ਤੋਂ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ।

ਦੇਰ ਸ਼ਾਮ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਐਚਓ ਗੁਰਿੰਦਰਜੀਤ ਸਿੰਘ ਪੁਲੀਸ ਫੋਰਸ ਸਮੇਤ ਮੌਕੇ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਮੌਕੇ ਤੋਂ 14 ਖੋਲ ਬਰਾਮਦ ਕੀਤੇ ਗਏ ਹਨ। ਮੌਕੇ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵਾਰਦਾਤ ਵਾਲੀ ਥਾਂ ਤੋਂ ਦੋ ਵਾਹਨ ਅਤੇ ਚਾਰ ਮੋਟਰਸਾਈਕਲ ਵੀ ਜ਼ਬਤ ਕੀਤੇ ਗਏ ਹਨ।