ਵੈਸਟਰਨ ਡਿਸਟਰਬੈਂਸ ਦਾ 3 ਦਿਨ ਰਹੇਗਾ ਮੌਸਮ ‘ਤੇ ਅਸਰ, ਜਲੰਧਰ ਸਮੇਤ ਪੰਜਾਬ ਦੇ ਕਈ ਜਿਲ੍ਹਿਆਂ ‘ਚ ਗਰਜ ਦੇ ਨਾਲ ਬਾਰਿਸ਼ ਤੇ ਹਨੇਰੀ ਦਾ ਅਲਰਟ

0
1260

ਜਲੰਧਰ/ਲੁਧਿਆਣਾ. ਪੰਜਾਬ ਦੇ ਵਿੱਚ ਲਗਾਤਾਰ ਗਰਮੀ ਦਾ ਕਹਿਰ ਵੱਧਦਾ ਜਾ ਰਿਹਾ ਹੈ। ਮੌਸਮ ਵਿਭਾਗ ਵੱਲੋਂ ਬੀਤੇ ਪੰਜਾਬ ਦੇ ਵਿੱਚ ਰੈੱਡ ਅਲਰਟ ਵੀ ਜਾਰੀ ਕੀਤਾ ਗਿਆ ਸੀ, ਪਰ ਹੁਣ ਮੌਸਮ ਵਿਭਾਗ ਨੇ ਕਿਹਾ ਹੈ ਕਿ ਆਉਂਦੇ ਦਿਨਾਂ ਚ ਲੋਕਾਂ ਨੂੰ ਗਰਮੀ ਤੋਂ ਕੁੱਝ ਨਿਜਾਤ ਮਿਲੇਗੀ ਕਿਉਂਕਿ ਇੱਕ ਵੈਸਟਰਨ ਡਿਸਟਰਬੈਂਸ ਬਣ ਰਹੀ ਹੈ ਜੋ ਪੰਜਾਬ ਵਿੱਚ ਅਗਲੇ ਇੱਕ ਦੋ ਦਿਨ ਐਕਟਿਵ ਰਹੇਗੀ ਅਤੇ ਪਾਰੇ ਵਿੱਚ ਕੁਝ ਗਿਰਾਵਟ ਦਰਜ ਹੋਵੇਗੀ। ਪੰਜਾਬ ਦੇ ਜਲੰਧਰ ਸਮੇਤ ਕਈ ਜਿਲ੍ਹਿਆਂ ‘ਚ 29 ਤੋਂ 31 ਮਈ ਤੱਕ ਗਰਜ ਦੇ ਨਾਲ ਬਾਰਿਸ਼ ਤੇ ਹਨੇਰੀ ਚੱਲਣ ਦੀ ਸੰਭਾਵਨਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਾਲ ਮਾਨਸੂਨ ਸਮੇਂ ਸਿਰ ਆਉਂਦਾ ਵਿਖਾਈ ਦੇ ਰਿਹਾ ਹੈ। ਪੀਏਯੂ ਦੇ ਮੌਸਮ ਵਿਭਾਗ ਦੀ ਮੁਖੀ ਡਾਕਟਰ ਪ੍ਰਭਜੋਤ ਕੌਰ ਨੇ ਕਿਹਾ ਹੈ ਕਿ ਇੱਕ ਵੈਸਟਰਨ ਡਿਸਟਰਬੈਂਸ ਪੰਜਾਬ ਵੱਲ ਮੂਵ ਹੋ ਰਹੀ ਹੈ ਜੋ ਲੋਕਾਂ ਨੂੰ ਗਰਮੀ ਤੋਂ ਕੁਝ ਨਿਜਾਤ ਜ਼ਰੂਰ ਦਿਵਾਏਗੀ।

ਉਨ੍ਹਾਂ ਕਿਹਾ ਕਿ ਹਾਲਾਂਕਿ ਮਈ ਮਹੀਨੇ ਦੇ ਵਿੱਚ ਪਾਰਾ ਇਸ ਤੋਂ ਵੀ ਵੱਧ ਹੁੰਦਾ ਹੈ ਪਰ ਬੀਤੇ ਦਿਨੀਂ ਮੌਸਮ ਕੁਝ ਠੰਢਾ ਰਹਿਣ ਕਰਕੇ ਹੁਣ ਲੋਕਾਂ ਨੂੰ ਥੋੜ੍ਹੀ ਗਰਮੀ ਜ਼ਿਆਦਾ ਮਹਿਸੂਸ ਹੋ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਜੋ ਗਰਮ ਹਵਾਵਾਂ ਚੱਲ ਰਹੀਆਂ ਨੇ ਉਹ ਮਾਨਸੂਨ ਨੂੰ ਸਮੇਂ ਸਿਰ ਪੰਜਾਬ ਵੱਲ ਦਸਤਕ ਦੇਣ ਚ ਵੀ ਕੁਝ ਮਦਦ ਜ਼ਰੂਰ ਕਰਨਗੀਆਂ।

ਮੋਸਮ ਵਿਭਾਗ ਦੇ ਤਾਜਾ ਅਨੁਮਾਨ ਮੁਤਾਬਿਕ ਸ਼ਹਿਰ ਦੇ ਲੋਕਾਂ ਨੂੰ 29 ਤੋਂ 31 ਮਈ ਤੱਕ ਗਰਮੀ ਤੋਂ ਰਾਹਤ ਮਿਲੇਗੀ। ਮੋਸਮ ਵਿਭਾਗ ਮੁਤਾਬਿਕ ਸ਼ਹਿਰ ਵਿੱਚ ਇਨ੍ਹਾਂ 3 ਦਿਨਾਂ ਵਿਚਕਾਰ ਗਰਜ ਦੇ ਨਾਲ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਹਨੇਰੀ ਅਤੇ ਤੇਜ ਹਵਾਵਾਂ ਵੀ ਚੱਲਣ ਦੇ ਆਸਾਰ ਹਨ।

ਮੋਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਪਿਛਲੇ ਹਫਤੇ ਦੌਰਾਨ ਵੱਧਦੀ ਗਰਮੀ ਅਤੇ ਤਾਪਮਾਨ ਕਾਰਨ ਲੋ ਪ੍ਰੈਸ਼ਰ ਤਿਆਰ ਹੋ ਗਿਆ ਹੈ। ਇਸ ਕਾਰਨ ਆਉਣ ਵਾਲੇ 2-3 ਦਿਨ ਬਾਰਿਸ਼ ਪੈਣ ਨਾਲ ਲੋਕਾਂ ਨੂੰ ਰਾਹਤ ਮਿਲੇਗੀ। ਠੰਡੀ ਅਤੇ ਨਮੀ ਵਾਲੀ ਹਵਾ ਚਲੇਗੀ ਅਤੇ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਬਾਰਿਸ਼ ਹੋਵੇਗੀ। ਕੁੱਝ ਥਾਵਾਂ ਉੱਤੇ ਭਾਰੀ ਬਾਰਿਸ਼ ਪੈਣ ਦੀ ਵੀ ਸੰਭਾਵਨਾ ਹੈ।