ਚੰਡੀਗੜ੍ਹ| ਹਿਮਾਚਲ ਦੇ ਉੱਪਰੀ ਇਲਾਕਿਆਂ ’ਚ ਮੌਨਸੂਨ ਦਰਮਿਆਨ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਬੱਦਲ ਛਾਏ ਰਹਿਣਗੇ ਤੇ ਮੀਂਹ ਪਵੇਗਾ। ਮੌਸਮ ਕੇਂਦਰ ਚੰਡੀਗੜ੍ਹ ਦੇ ਪੂੁਰਵ ਅਨੁਮਾਨ ਮੁਤਾਬਕ ਹਿਮਾਚਲ ਦੇ ਨਾਲ ਲੱਗਦੇ ਪਠਾਨਕੋਟ, ਹੁਸ਼ਿਆਰਪੁਰ, ਅੰਮ੍ਰਿਤਸਰ, ਕਪੂਰਥਲਾ, ਰੋਪੜ, ਜਲੰਧਰ, ਮੋਹਾਲੀ, ਅਨੰਦਪੁਰ ਸਾਹਿਬ ’ਚ 14 ਅਗਸਤ ਤਕ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ ਜਦਕਿ ਬਾਕੀ ਜ਼ਿਲ੍ਹਿਆਂ ’ਚ ਮੌਨਸੂਨ ਸੁਸਤ ਪੈਣ ਨਾਲ ਮੌਸਮ ਸਾਫ਼ ਰਹੇਗਾ, ਜਿਸ ਨਾਲ ਹੁੰਮਸ ਭਰੀ ਗਰਮੀ ਲੋਕਾਂ ਨੂੰ ਪਰੇਸ਼ਾਨ ਕਰੇਗੀ।
ਕਈ ਜ਼ਿਲ੍ਹਿਆਂ ’ਚ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਦੇ ਆਸਪਾਸ ਪਹੁੰਚ ਸਕਦਾ ਹੈ। ਮੌਸਮ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਅਨੁਸਾਰ ਪੰਜਾਬ ’ਚ ਹਾਲੇ ਮੌਨਸੂਨ ਦੀ ਸਰਗਰਮੀ ਘੱਟ ਹੋ ਗਈ ਹੈ। ਸੰਭਾਵਨਾ ਹੈ ਕਿ 15 ਅਗਸਤ ਤੋਂ ਬਾਅਦ ਮੌਸਮ ਫਿਰ ਬਦਲੇ ਅਤੇ ਮੌਨਸੂਨ ਫਿਰ ਤੋਂ ਸਰਗਰਮ ਹੋ ਜਾਵੇ। ਫ਼ਿਲਹਾਲ ਅਗਲੇ ਹਫ਼ਤੇ ਤੱਕ ਵੱਧ ਤੋਂ ਵੱਧ ਤਾਪਮਾਨ ’ਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ। ਮੰਗਲਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਮੀਂਹ ਪਿਆ ਹੈ।