ਕਾਨਪੁਰ/UP | ਪਿਊਸ਼ ਜੈਨ ਦੇ ਕਾਨਪੁਰ ਤੇ ਕਨੌਜ ਵਿੱਚ ਸਥਿਤ ਟਿਕਾਣਿਆਂ ਤੋਂ 194 ਕਰੋੜ ਰੁਪਏ ਦੀ ਨਕਦੀ ਤੇ 23 ਕਿਲੋ ਸੋਨਾ ਬਰਾਮਦ ਕਰਨ ਤੋਂ ਬਾਅਦ ਇਨਕਮ ਟੈਕਸ ਤੇ ਜੀਐੱਸਟੀ ਟੀਮਾਂ ਨੇ ਅਖਿਲੇਸ਼ ਯਾਦਵ ਦੇ ਕਰੀਬੀ ਐੱਮਐੱਲਸੀ ਪੁਸ਼ਪਰਾਜ ਉਰਫ਼ ਪੰਪੀ ਜੈਨ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ।
ਟੀਮਾਂ ਸ਼ੁੱਕਰਵਾਰ ਸਵੇਰੇ ਪੁਸ਼ਪਰਾਜ ਜੈਨ ਦੇ ਕਈ ਟਿਕਾਣਿਆਂ ‘ਤੇ ਪਹੁੰਚੀਆਂ। ਦੱਸਿਆ ਜਾ ਰਿਹਾ ਹੈ ਕਿ ਕਨੌਜ ਦੇ ਘਰ ਤੋਂ ਇਲਾਵਾ ਪੁਸ਼ਪਰਾਜ ਦੇ ਨੋਇਡਾ, ਕਾਨਪੁਰ, ਹਾਥਰਸ ਤੇ ਮੁੰਬਈ ਸਮੇਤ ਕਈ ਟਿਕਾਣਿਆਂ ‘ਤੇ ਛਾਪੇ ਮਾਰੇ ਗਏ।
ਸਵੇਰੇ 7 ਵਜੇ ਤੋਂ 150 ਅਧਿਕਾਰੀ 50 ਵੱਖ-ਵੱਖ ਥਾਵਾਂ ‘ਤੇ ਛਾਪੇ ਮਾਰ ਰਹੇ ਹਨ। ਛਾਪੇਮਾਰੀ ਦੌਰਾਨ ਕੀ ਮਿਲਿਆ, ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ।
ਸ਼ੁਰੂਆਤੀ ਜਾਣਕਾਰੀ ‘ਚ ਕਿਹਾ ਜਾ ਰਿਹਾ ਹੈ ਕਿ ਇਹ ਰੇਡ ਟੈਕਸ ਚੋਰੀ ਦੇ ਆਰੋਪ ‘ਚ ਕੀਤੀ ਜਾ ਰਹੀ ਹੈ। ਪੁਸ਼ਪਰਾਜ ਜੈਨ ਤੋਂ ਇਲਾਵਾ ਆਮਦਨ ਕਰ ਵਿਭਾਗ ਦੀ ਟੀਮ ਕਨੌਜ ਦੇ ਇਕ ਹੋਰ ਪਰਫਿਊਮ ਵਪਾਰੀ ਮੁਹੰਮਦ ਯਾਕੂਬ ਦੇ ਟਿਕਾਣੇ ‘ਤੇ ਵੀ ਛਾਪੇਮਾਰੀ ਕਰ ਰਹੀ ਹੈ।
ਇਸ ਤੋਂ ਪਹਿਲਾਂ ਪਾਰਟੀ ਆਗੂਆਂ ਨੇ ਪਿਊਸ਼ ਜੈਨ ਦੇ ਟਿਕਾਣਿਆਂ ‘ਤੇ ਮਾਰੀ ਰੇਡ ਨੂੰ ਸਮਾਜਵਾਦੀ ਪਾਰਟੀ ਨਾਲ ਜੋੜਨ ‘ਤੇ ਸਖ਼ਤ ਇਤਰਾਜ਼ ਜਤਾਇਆ ਸੀ। ਪੁਸ਼ਪਰਾਜ ਜੈਨ ਨੇ ਵੀ ਕਿਹਾ ਸੀ ਕਿ ਉਨ੍ਹਾਂ ਦਾ ਪਿਊਸ਼ ਜੈਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਦੱਸਿਆ ਜਾ ਰਿਹਾ ਹੈ ਕਿ ਪੁਸ਼ਪਰਾਜ ਤੇ ਪਿਊਸ਼ ਜੈਨ ਦੇ ਘਰ ਕਨੌਜ ਦੇ ਨੇੜੇ-ਤੇੜੇ ਹਨ ਪਰ ਪਿਊਸ਼ ਦੀ ਗ੍ਰਿਫਤਾਰੀ ਤੋਂ ਬਾਅਦ ਪੁਸ਼ਪਰਾਜ ਨੇ ਕਿਹਾ ਸੀ ਕਿ ਕਦੇ-ਕਦਾਈਂ ਨਮਸਤੇ ਤੋਂ ਵੱਧ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ।
ਪਿਊਸ਼ ਜੈਨ ‘ਤੇ ਛਾਪੇਮਾਰੀ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਸਮਾਜਵਾਦੀ ਪਾਰਟੀ ਤੇ ਭਾਜਪਾ ਵਿਚਾਲੇ ਆਰੋਪ-ਪ੍ਰਤੀ ਆਰੋਪ ਦਾ ਦੌਰ ਚੱਲ ਰਿਹਾ ਸੀ।