ਪੰਜਾਬ ਦੀ ਧੀ ਰੇਚਲ ਗੁਪਤਾ ਨੇ ਰਚਿਆ ਇਤਿਹਾਸ, ਜਿੱਤਿਆ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਖਿਤਾਬ

0
430

ਚੰਡੀਗੜ੍ਹ, 26 ਅਕਤੂਬਰ | ਪੰਜਾਬ ਦੇ ਜਲੰਧਰ ਦੀ ਰਹਿਣ ਵਾਲੀ ਰੇਚਲ ਗੁਪਤਾ ਨੇ ਭਾਰਤ ਲਈ ਇਤਿਹਾਸ ਰਚ ਦਿੱਤਾ ਹੈ। ਰਚੇਲ ਗੁਪਤਾ ਨੇ ਸ਼ੁੱਕਰਵਾਰ ਨੂੰ ਥਾਈਲੈਂਡ ਦੇ ਬੈਂਕਾਕ ‘ਚ ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਹੈ। ਪੇਰੂ ਦੀ ਲੂਸੀਆਨਾ ਫੁਸਟਰ ਨੇ ਐਮਜੀਆਈ ਹਾਲ ਵਿੱਚ ਵਿਸ਼ਵ ਫਾਈਨਲ ਦੌਰਾਨ ਭਾਰਤੀ ਮਹਿਲਾ ਰੇਚਲ ਗੁਪਤਾ ਨੂੰ ਤਾਜ ਪਹਿਨਾਇਆ।

ਰੇਚਲ ਭਾਰਤ ਲਈ ਇਹ ਖਿਤਾਬ ਲਿਆਉਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਫਿਲੀਪੀਨਜ਼ ਦੀ ਕ੍ਰਿਸਟੀਨ ਜੂਲੀਅਨ ਓਪੀਜ਼ਾ ਇਸ ਈਵੈਂਟ ਵਿਚ ਪਹਿਲੀ ਰਨਰ-ਅੱਪ ਰਹੀ। ਉਸ ਤੋਂ ਬਾਅਦ ਮਿਆਂਮਾਰ ਦੀ ਥਾਈ ਸੂ ਨਈਨ, ਫਰਾਂਸ ਦੀ ਸਫੀਤੋ ਕਾਬੇਂਗਲੇ ਅਤੇ ਬ੍ਰਾਜ਼ੀਲ ਦੀ ਤਾਲਿਤਾ ਹਾਰਟਮੈਨ ਦਾ ਨੰਬਰ ਆਉਂਦਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਜਲੰਧਰ ਵਿਚ ਵੱਡੀ ਹੋਈ ਰੇਚਲ ਗੁਪਤਾ ਦਾ ਕੱਦ ਕਰੀਬ 5.10 ਫੁੱਟ ਹੈ, ਜਿਸ ਦੀ ਉਮਰ ਸਿਰਫ 20 ਸਾਲ ਹੈ। ਉਹ ਮਾਡਲਿੰਗ ਅਤੇ ਐਕਟਿੰਗ ਵਿਚ ਆਪਣਾ ਕਰੀਅਰ ਬਣਾ ਰਹੀ ਹੈ। ਉਹ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਬੋਲ ਸਕਦੀ ਹੈ। ਉਸ ਨੇ ਇਹ ਖਿਤਾਬ 11 ਅਗਸਤ 2024 ਨੂੰ ਜ਼ੀ ਸਟੂਡੀਓ, ਜੈਪੁਰ ਵਿਚ ਆਯੋਜਿਤ ਗਲਮਾਨੰਦ ਸੁਪਰ ਮਾਡਲ ਇੰਡੀਆ 2024 ਦੇ ਰਾਸ਼ਟਰੀ ਫਾਈਨਲ ਵਿਚ ਪ੍ਰਾਪਤ ਕੀਤਾ।

ਇਸ ਮੁਕਾਬਲੇ ਵਿਚ ਰੇਚਲ ਨੇ ਚਾਰ ਪ੍ਰਮੁੱਖ ਵਿਸ਼ੇਸ਼ ਪੁਰਸਕਾਰ ਵੀ ਜਿੱਤੇ – ਮਿਸ ਟਾਪ ਮਾਡਲ, ਮਿਸ ਬਿਊਟੀ ਵਿਦ ਏ ਪਰਪਜ਼, ਬੈਸਟ ਇਨ ਰੈਂਪਵਾਕ ਅਤੇ ਬੈਸਟ ਨੈਸ਼ਨਲ ਕਾਸਟਿਊਮ। ਉਸ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਉਸ ਨੂੰ ਮਿਸ ਗ੍ਰੈਂਡ ਇੰਟਰਨੈਸ਼ਨਲ ਲਈ ਭਾਰਤ ਦੀ ਪ੍ਰਤੀਨਿਧੀ ਬਣਨ ਦਾ ਮੌਕਾ ਦਿੱਤਾ।

ਖਿਤਾਬ ਜਿੱਤਣ ਤੋਂ ਬਾਅਦ ਰੇਚਲ ਨੇ ਕਿਹਾ- ਮੈਂ ਭਾਰਤ ਵਰਗੇ ਦੇਸ਼ ਤੋਂ ਆਈ ਹਾਂ, ਜਿੱਥੇ ਹਰ ਕਿਸੇ ਕੋਲ ਭੋਜਨ, ਪਾਣੀ, ਸਿੱਖਿਆ ਅਤੇ ਬੁਨਿਆਦੀ ਸਹੂਲਤਾਂ ਨਹੀਂ ਹਨ ਅਤੇ ਇਹ ਦੁਨੀਆਂ ਦੇ ਜ਼ਿਆਦਾਤਰ ਹਿੱਸਿਆਂ ਲਈ ਸੱਚ ਹੈ। ਇਹ ਸਮਾਂ ਆ ਗਿਆ ਹੈ ਕਿ ਅਸੀਂ ਇੱਕ ਦੂਜੇ ਨਾਲ ਲੜਨਾ ਬੰਦ ਕਰੀਏ ਅਤੇ ਇੱਕ ਦੂਜੇ ਦਾ ਆਦਰ ਕਰਨਾ ਸ਼ੁਰੂ ਕਰੀਏ ਅਤੇ ਇਹ ਸੁਨਿਸ਼ਚਿਤ ਕਰੀਏ ਕਿ ਇਸ ਧਰਤੀ ‘ਤੇ ਹਰੇਕ ਲਈ ਲੋੜੀਂਦੇ ਸਰੋਤ ਹਨ। ਅੰਤ ਵਿਚ ਰੇਚਲ ਨੇ ਮੀਡੀਆ ਦਾ ਧੰਨਵਾਦ ਕੀਤਾ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)