ਪੰਜਾਬ ਦਾ ਵੱਡਾ ਮੁੱਦਾ : ਵਿਦੇਸ਼ ਜਾਣ ਦੀ ਲਾਲਸਾ ‘ਚ ਲੁੱਟ ਰਹੇ ਨੇ ਸੁਪਨੇ, 2021 ਦੇ ਮੁਕਾਬਲੇ 2024 ‘ਚ 74 ਫੀਸਦੀ ਵਾਧਾ

0
3754

ਚੰਡੀਗੜ੍ਹ । ਪੰਜਾਬ ਦੇ ਘਰ ਅਤੇ ਪਿੰਡ ਨੌਜਵਾਨਾਂ ਤੋਂ ਸੱਖਣੇ ਹੁੰਦੇ ਜਾ ਰਹੇ ਹਨ। ਇਥੋਂ ਦਾ ਹਰ ਦੂਜਾ ਨੌਜਵਾਨ ਸਿੱਖਿਆ ਪ੍ਰਾਪਤ ਕਰਨ ਲਈ ਕੈਨੇਡਾ, ਆਸਟ੍ਰੇਲੀਆ ਜਾਂ ਯੂ.ਕੇ. ਜਾਣਾ ਚਾਹੁੰਦਾ ਹੈ। ਸਿੱਖਿਆ ਲੈਣਾ ਇਕ ਆਸਾਨ ਰਸਤਾ ਹੈ, ਜਿਸ ਰਾਹੀਂ ਨੌਜਵਾਨ ਸਥਾਈ ਨਾਗਰਿਕਤਾ (PR) ਪ੍ਰਾਪਤ ਕਰਨ ਦੇ ਆਪਣੇ ਸੁਪਨੇ ਨੂੰ ਪੂਰਾ ਕਰ ਸਕਦੇ ਹਨ।

ਹਾਲਾਤ ਇਹ ਹਨ ਕਿ ਇਸ ਬਰੇਨ ਡਰੇਨ ਨੇ ਪੰਜਾਬ ਦੇ ਵਿਦਿਅਕ ਅਦਾਰਿਆਂ ਨੂੰ ਉਜਾੜਨਾ ਸ਼ੁਰੂ ਕਰ ਦਿੱਤਾ ਹੈ। ਇੰਜੀਨੀਅਰਿੰਗ ਕਾਲਜਾਂ ਦੀਆਂ ਅੱਧੀਆਂ ਤੋਂ ਵੱਧ ਸੀਟਾਂ ਖਾਲੀ ਪਈਆਂ ਹਨ। ਇਥੇ ਦਾਖਲਾ ਲੈਣ ਵਾਲਿਆਂ ਦੀ ਕਮੀ ਹੈ। ਇਕ ਅੰਦਾਜ਼ੇ ਅਨੁਸਾਰ ਪੰਜਾਬ ਦੇ ਨੌਜਵਾਨ ਵਿਦੇਸ਼ਾਂ ‘ਚ ਪੜ੍ਹਾਈ ਲਈ ਹਰ ਸਾਲ 75 ਹਜ਼ਾਰ ਕਰੋੜ ਰੁਪਏ ਖਰਚ ਕਰ ਰਹੇ ਹਨ। ਇਸ ਨਾਲ ਪੰਜਾਬ ਦਾ ਭਾਰੀ ਆਰਥਿਕ ਨੁਕਸਾਨ ਵੀ ਹੋ ਰਿਹਾ ਹੈ। ਇਹ ਸਿਲਸਿਲਾ ਪੰਜਾਬ ‘ਚ 2008 ਤੋਂ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ।

ਪੰਜਾਬ ਦੇ 103 ਇੰਜੀਨੀਅਰਿੰਗ ਕਾਲਜਾਂ ‘ਚ ਅੱਧੀਆਂ ਤੋਂ ਵੱਧ ਸੀਟਾਂ ਖਾਲੀ ਜਾ ਰਹੀਆਂ ਹਨ, ਜਦੋਂਕਿ ਅਗਲੇ ਸਾਲ ਲਈ ਕੈਨੇਡਾ ਦੇ ਕਾਲਜਾਂ ‘ਚ ਵੀ ਸੀਟਾਂ ਭਰੀਆਂ ਪਈਆਂ ਹਨ। ਚੋਣਾਂ ਦਾ ਰੌਲਾ ਪੈ ਰਿਹਾ ਹੈ ਪਰ ਪੰਜਾਬ ਵਿੱਚੋਂ ਨੌਜਵਾਨਾਂ ਦੇ ਪਰਵਾਸ ਦਾ ਕੋਈ ਸਥਾਈ ਹੱਲ ਨਹੀਂ ਲੱਭਿਆ ਗਿਆ।

ਕੈਨੇਡਾ ਦੀਆਂ ਉਦਾਰਵਾਦੀ ਨੀਤੀਆਂ…
ਪੰਜਾਬ ਤੋਂ ਜ਼ਿਆਦਾਤਰ ਨੌਜਵਾਨ ਕੈਨੇਡਾ ਜਾਂਦੇ ਹਨ, ਇਸ ਦਾ ਸਭ ਤੋਂ ਵੱਡਾ ਕਾਰਨ ਕੈਨੇਡਾ ਦੀਆਂ ਉਦਾਰਵਾਦੀ ਨੀਤੀਆਂ ਹਨ। ਇੱਥੇ ਨਾਗਰਿਕਤਾ ਪ੍ਰਾਪਤ ਕਰਨਾ ਸਭ ਤੋਂ ਆਸਾਨ ਹੈ। ਕੈਨੇਡਾ ‘ਚ ਕੈਲਗਰੀ, ਬਰੈਂਪਟਨ, ਵੈਨਕੂਵਰ ਵਰਗੇ 20 ਤੋਂ ਵੱਧ ਸ਼ਹਿਰ ਹਨ, ਜਿਥੇ ਹਰ ਚੌਥਾ ਵਿਅਕਤੀ ਪੰਜਾਬੀ ਹੈ। ਕੋਈ ਵਿਅਕਤੀ ਜੋ ਪੰਜ ਸਾਲਾਂ ਤੋਂ ਪ੍ਰਵਾਸੀ ਵਜੋਂ ਕੈਨੇਡਾ ‘ਚ ਰਿਹਾ ਹੈ, ਉਹ ਨਾਗਰਿਕਤਾ ਲਈ ਅਰਜ਼ੀ ਦੇ ਸਕਦਾ ਹੈ, ਇਸ ਸਮੇਂ ਦੌਰਾਨ ਉਸ ਨੂੰ ਘੱਟੋ-ਘੱਟ ਤਿੰਨ ਸਾਲ ਲਗਾਤਾਰ ਦੇਸ਼ ‘ਚ ਰਹਿਣਾ ਹੋਵੇਗਾ। ਪੰਜਾਬ ਤੋਂ ਟੂਰਿਸਟ ਵੀਜ਼ੇ ‘ਤੇ ਜਾਣ ਵਾਲਿਆਂ ਦੀ ਲੰਬੀ ਕਤਾਰ ਲੱਗੀ ਹੋਈ ਹੈ। 20 ਲੱਖ ਰੁਪਏ ਖਰਚ ਕੇ, ਇਕ ਸੈਲਾਨੀ ਕੈਨੇਡਾ ‘ਚ LMIA ਲੈ ਜਾਂਦਾ ਹੈ ਅਤੇ ਉੱਥੇ ਵਰਕ ਪਰਮਿਟ ਪ੍ਰਾਪਤ ਕਰਦਾ ਹੈ, ਜਿਸ ਤੋਂ ਬਾਅਦ ਪੀਆਰ ਦਾ ਰਸਤਾ ਖੁੱਲ੍ਹਦਾ ਹੈ।

ਪੜ੍ਹਾਈ ਦੇ ਨਾਲ-ਨਾਲ ਨੌਕਰੀ ਦੇ ਮੌਕੇ…
ਪੰਜਾਬ ਤੋਂ ਕੈਨੇਡਾ ਜਾਣ ਵਾਲੇ ਨੌਜਵਾਨਾਂ ‘ਚ ਜ਼ਿਆਦਾਤਰ ਵਿਦਿਆਰਥੀ ਅਜਿਹੇ ਹਨ, ਜੋ 12ਵੀਂ ਤੋਂ ਬਾਅਦ ਹੀ ਉੱਥੇ ਜਾਣਾ ਚਾਹੁੰਦੇ ਹਨ। ਅਸਲ ‘ਚ ਵਿਦੇਸ਼ ‘ਚ ਪੜ੍ਹਨਾ ਬਹੁਤ ਮਹਿੰਗਾ ਹੈ। ਮਾਪੇ ਹਰ ਸਾਲ ਲਗਭਗ 25 ਤੋਂ 30 ਲੱਖ ਰੁਪਏ ਵਿਦਿਆਰਥੀਆਂ ਦੀ ਰਿਹਾਇਸ਼ ਅਤੇ ਕਾਲਜ ਦੀ ਫੀਸ ‘ਤੇ ਹੀ ਖਰਚ ਕਰਦੇ ਹਨ। ਕੈਨੇਡਾ ਜਾਣ ਦਾ ਫਾਇਦਾ ਇਹ ਹੈ ਕਿ ਉੱਥੇ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਪਾਰਟ-ਟਾਈਮ ਨੌਕਰੀ ਦਾ ਵਿਕਲਪ ਵੀ ਦਿੱਤਾ ਜਾਂਦਾ ਹੈ।

ਇਹ ਪਾਰਟ-ਟਾਈਮ ਨੌਕਰੀ ਹਫ਼ਤੇ ‘ਚ 10 ਤੋਂ 20 ਘੰਟੇ ਦੀ ਹੁੰਦੀ ਹੈ। ਐਸੋਸੀਏਸ਼ਨ ਆਫ਼ ਕੰਸਲਟੈਂਟ ਆਫ਼ ਓਵਰਸੀਜ਼ ਸਟੱਡੀ ਵੱਲੋਂ ਇਕ ਸਾਲ ਪਹਿਲਾਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਪੰਜਾਬ ਦੇ 75 ਫ਼ੀਸਦੀ ਮਾਪੇ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਵਿਦੇਸ਼ਾਂ ‘ਚ ਪੜ੍ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਪੰਜਾਬ ‘ਚ ਵੱਧ ਰਹੀ ਬੇਰੁਜ਼ਗਾਰੀ ਅਤੇ ਨਸ਼ੇ ਨੂੰ ਮੰਨਿਆ ਜਾ ਰਿਹਾ ਹੈ। ਇਨ੍ਹਾਂ ਮਾਪਿਆਂ ਦਾ ਮੰਨਣਾ ਹੈ ਕਿ ਜੇਕਰ ਬੱਚਾ ਪੰਜਾਬ ‘ਚ ਰਿਹਾ ਤਾਂ ਉਹ ਨਸ਼ੇ ਦਾ ਸ਼ਿਕਾਰ ਹੋ ਸਕਦਾ ਹੈ। 2021 ਦੇ ਮੁਕਾਬਲੇ 2024 ‘ਚ ਪੜ੍ਹਾਈ ਲਈ ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ‘ਚ 74 ਫੀਸਦੀ ਦਾ ਵਾਧਾ ਹੋਇਆ ਹੈ।

ਪੰਜਾਬ ਦੇਸ਼ ‘ਚ ਦੂਜੇ ਨੰਬਰ ‘ਤੇ 
ਪੜ੍ਹਾਈ ਲਈ ਵਿਦੇਸ਼ ਜਾਣ ਦੀ ਗੱਲ ਕਰੀਏ ਤਾਂ ਦੇਸ਼ ‘ਚ ਪੰਜਾਬ ਦੂਜੇ ਨੰਬਰ ‘ਤੇ ਹੈ, ਚੰਡੀਗੜ੍ਹ ਇਸ ਮਾਮਲੇ ‘ਚ ਸਭ ਤੋਂ ਅੱਗੇ ਹੈ, ਜਿਸ ਦੀ ਪ੍ਰਤੀ ਲੱਖ ਆਬਾਦੀ ‘ਚ 10150 ਦੇ ਕਰੀਬ ਲੋਕ ਵਿਦੇਸ਼ ਹਨ। ਇਹ ਅੰਕੜਾ ਪ੍ਰਤੀ ਲੱਖ ਆਬਾਦੀ ਪੰਜਾਬ ‘ਚ 859 ਅਤੇ ਦਿੱਲੀ ‘ਚ 825 ਹੈ। ਜੇਕਰ ਅਸੀਂ ਉਸ ਰਾਜ ਦੀ ਗੱਲ ਕਰੀਏ ਜਿੱਥੋਂ ਸਭ ਤੋਂ ਘੱਟ ਨੌਜਵਾਨ ਵਿਦੇਸ਼ਾਂ ‘ਚ ਜਾ ਰਹੇ ਹਨ ਤਾਂ ਤ੍ਰਿਪੁਰਾ ਸਭ ਤੋਂ ਪਹਿਲਾਂ ਆਉਂਦਾ ਹੈ, ਜਿੱਥੇ ਪ੍ਰਤੀ ਲੱਖ ਆਬਾਦੀ ‘ਚ ਸਿਰਫ਼ 11 ਨੌਜਵਾਨ ਹੀ ਵਿਦੇਸ਼ ਗਏ ਹਨ, ਇਸ ਤੋਂ ਬਾਅਦ ਬਿਹਾਰ ਦਾ ਨੰਬਰ ਆਉਂਦਾ ਹੈ ਜਿੱਥੇ ਇਹ ਅੰਕੜਾ 13 ਹੈ।