ਅਮਰੀਕਾ ‘ਚ ਟਰੱਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ

0
1949

ਕੈਲੀਫੋਰਨੀਆ | ਅਮਰੀਕਾ ‘ਚ ਇਕ ਤੋਂ ਬਾਅਦ ਇਕ ਪੰਜਾਬੀ ਟਰੱਕ ਡਰਾਈਵਰਾਂ ਦੀਆਂ ਸੜਕ ਹਾਦਸਿਆਂ ਦੌਰਾਨ ਮੌਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਬੀਤੇ ਦਿਨ ਬਰਿੰਗਟਨ (ਨੇੜੇ ਲਾਸ ਏਂਜਲਸ) ਕੈਲੀਫੋਰਨੀਆ ਨਿਵਾਸੀ ਪੰਜਾਬੀ ਟਰੱਕ ਡਰਾਈਵਰ ਜਸਵੰਤ ਸਿੰਘ (29) ਦੀ ਅਮਰੀਕਾ ਦੀ ਮਸੂਰੀ ਸਟੇਟ ਵਿੱਚ ਇਕ ਸੜਕ ਦੁਰਘਟਨਾ ਵਿੱਚ ਹੋਈ ਮੌਤ ਨੇ ਪੂਰੇ ਪੰਜਾਬੀ ਭਾਈਚਾਰੇ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ।

ਜਾਣਕਾਰੀ ਮੁਤਾਬਿਕ ਘਟਨਾ ਸਵੇਰ ਸਮੇਂ ਟਰੱਕ ਦੇ ਖੱਡ ਵਿੱਚ ਡਿੱਗਣ ਕਾਰਨ ਹੋਈ। ਐਕਸੀਡੈਂਟ ਸਮੇਂ ਜਸਵੰਤ ਸਿੰਘ ਪਿੱਛੇ ਬੈੱਡ ’ਤੇ ਸੌਂ ਰਿਹਾ ਸੀ ਅਤੇ ਟੀਮ ਡਰਾਈਵਰ ਟਰੱਕ ਚਲਾ ਰਿਹਾ ਸੀ। ਹਾਦਸੇ ਵਿੱਚ ਟੀਮ ਡਰਾਈਵਰ ਵੀ ਗੰਭੀਰ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ।

ਜਸਵੰਤ ਸਿੰਘ 3 ਕੁ ਸਾਲ ਪਹਿਲਾਂ ਅਮਰੀਕਾ ਆਇਆ ਸੀ ਅਤੇ ਇਥੇ ਪਰਿਵਾਰ ਦੇ ਸੁਨਹਿਰੀ ਭਵਿੱਖ ਲਈ ਇਕੱਲਾ ਰਹਿ ਕੇ ਸਖ਼ਤ ਮਿਹਨਤ ਕਰ ਰਿਹਾ ਸੀ। ਮ੍ਰਿਤਕ ਮਮਦੋਟ ਦੇ ਪਿੰਡ ਲਖਮੀਰ ਕੇ ਉਤਾੜ ਭੱਟੀਆ ਜ਼ਿਲ੍ਹਾ ਫਿਰੋਜ਼ਪੁਰ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਉਸ ਦੇ ਪਿਤਾ ਤੇਜਾ ਸਿੰਘ ਵੀ 2001 ਵਿੱਚ ਚੜਾਈ ਕਰ ਗਏ ਸਨ। ਇਸ ਸਮੇਂ ਪੰਜਾਬ ਵਿੱਚ ਮਾਤਾ ਕਸ਼ਮੀਰ ਕੌਰ ਪੁੱਤ ਦੀ ਮੌਤ ਕਾਰਨ ਗਹਿਰੇ ਸਦਮੇ ਵਿੱਚ ਹੈ।