ਨਵਾਂਸ਼ਹਿਰ | ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਸੋਨਾ ਵਾਸੀ ਮਨਜੋਤ ਸਿੰਘ ਦੀ ਆਸਟ੍ਰੇਲੀਆ ‘ਚ ਟਰਾਲਾ ਪਲਟਣ ਨਾਲ ਮੌਤ ਹੋ ਗਈ। ਮਨਜੋਤ ਕਰੀਬ ਡੇਢ ਸਾਲ ਪਹਿਲਾਂ ਵਿਦੇਸ਼ ਗਿਆ ਸੀ। ਜਨਮ ਦਿਨ ਵਾਲੀ ਰਾਤ ਹੀ ਉਸ ਦੀ ਮੌਤ ਹੋ ਗਈ। ਇਹ ਹਾਦਸਾ ਸਿਡਨੀ ਵਿਚ ਵਾਪਰਿਆ। ਹਾਦਸੇ ਤੋਂ ਬਾਅਦ ਨੌਜਵਾਨ ਦੇ ਪਿੰਡ ਵਿਚ ਸੋਗ ਦੀ ਲਹਿਰ ਹੈ।
ਪਿੰਡ ਸੋਨਾ ਦੇ ਸਰਪੰਚ ਨੇ ਦੱਸਿਆ ਕਿ ਪਿੰਡ ਸੋਨਾ ਦੇ ਮੁਖਤਿਆਰ ਸਿੰਘ ਦਾ ਪੁੱਤਰ ਮਨਜੋਤ ਸਿੰਘ 15 ਮਹੀਨੇ ਪਹਿਲਾਂ ਆਈਲੈਟਸ ਕਰਕੇ ਵਿਦੇਸ਼ ਗਿਆ ਸੀ। ਜਿੱਥੇ ਉਹ 2 ਮਹੀਨੇ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਿਡਨੀ ਆਇਆ ਅਤੇ ਲਾਇਸੈਂਸ ਲੈ ਕੇ ਉੱਥੇ ਟਰਾਲਾ ਚਲਾਉਣ ਲੱਗਾ।
ਐਤਵਾਰ ਨੂੰ ਮਨਜੋਤ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਤਾਂ ਰਿਸ਼ਤੇਦਾਰਾਂ ਨੇ ਨਮ ਅੱਖਾਂ ਨਾਲ ਪੁੱਤਰ ਦਾ ਅੰਤਿਮ ਸੰਸਕਾਰ ਕੀਤਾ। ਪਰਿਵਾਰਕ ਮੈਂਬਰਾਂ ਅਨੁਸਾਰ ਮਨਜੋਤ ਦੀ 21 ਮਾਰਚ ਨੂੰ ਮੌਤ ਹੋ ਗਈ ਸੀ। ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਉਸ ਦੀ ਲਾਸ਼ ਨੂੰ ਭਾਰਤ ਲਿਆਂਦਾ ਗਿਆ।
ਜਦੋਂ ਮਨਜੋਤ ਸਾਮਾਨ ਉਤਾਰ ਕੇ ਵਾਪਸ ਜਾ ਰਿਹਾ ਸੀ ਤਾਂ ਟਰਾਲੇ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਟਰਾਲਾ ਪਲਟ ਗਿਆ। ਟਰਾਲਾ ਪਲਟਣ ਨਾਲ ਉਸ ਦੀ ਮੌਤ ਹੋ ਗਈ। ਮਨਜੋਤ ਸਿੰਘ 22ਸਾਲ ਦਾ ਸੀ। ਪੁੱਤ ਦੀ ਮੌਤ ਦੀ ਖਬਰ ਨਾਲ ਪਰਿਵਾਰ ਗਹਿਰੇ ਸਦਮੇ ‘ਚ ਹੈ।







































