ਅਜਨਾਲਾ/ਅੰਮ੍ਰਿਤਸਰ, 29 ਨਵੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰੋਜ਼ੀ-ਰੋਟੀ ਕਮਾਉਣ 3 ਸਾਲ ਪਹਿਲਾਂ ਵਿਦੇਸ਼ ਗਏ ਪੰਜਾਬੀ ਨੌਜਵਾਨ ਨੂੰ ਹਾਰਟ ਅਟੈਕ ਆ ਗਿਆ, ਜਿਸ ਕਰਕੇ ਅਜਨਾਲਾ ਦੇ ਪਿੰਡ ਓਠੀਆਂ ਦੇ ਨੌਜਵਾਨ ਦੀ ਦੁਬਈ ਵਿਚ ਮੌਤ ਹੋ ਗਈ।
ਮ੍ਰਿਤਕ ਦੇ ਪਿਤਾ ਬਲਬੀਰ ਸਿੰਘ ਨੇ ਦੱਸਿਆ ਕਿ ਘਰ ਦੀ ਆਰਥਿਕ ਹਾਲਤ ਮਾੜੀ ਰਹਿਣ ਕਾਰਨ ਉਨ੍ਹਾਂ ਨੇ ਵੱਡੇ ਲੜਕੇ ਗੁਰਲਾਲ ਸਿੰਘ ਨੂੰ 3 ਸਾਲ ਪਹਿਲਾਂ ਦੁਬਈ ਭੇਜਿਆ ਸੀ, ਜੋ ਹੁਣ ਪਿੰਡ ਆਉਣ ਦੀ ਤਿਆਰੀ ਕਰ ਰਿਹਾ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਉਸ ਦੀ ਮ੍ਰਿਤਕ ਦੇਹ 3-4 ਦਿਨਾਂ ਵਿਚ ਦੁਬਈ ਤੋਂ ਪਿੰਡ ਓਠੀਆਂ ਜ਼ਿਲ੍ਹਾ ਅੰਮ੍ਰਿਤਸਰ ਪਹੁੰਚ ਜਾਵੇਗੀ। ਨੌਜਵਾਨ ਦੀ ਮੌਤ ਦੀ ਖ਼ਬਰ ਮਗਰੋਂ ਪਿੰਡ ਵਾਸੀਆਂ ਵਿਚ ਸੋਗ ਦੀ ਲਹਿਰ ਹੈ।