ਇਟਲੀ, 17 ਨਵੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। 20 ਦਿਨ ਪਹਿਲਾਂ ਵਿਆਹ ਕਰਵਾ ਕੇ ਇਟਲੀ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਇਸ ਦੁਖਦਾਈ ਖ਼ਬਰ ਨਾਲ ਪੂਰੇ ਇਲਾਕੇ ਵਿਚ ਮਾਤਮ ਦਾ ਮਾਹੌਲ ਹੈ।
ਜਾਣਕਾਰੀ ਅਨੁਸਾਰ ਕੱਲ ਸਵੇਰੇ ਰਾਕੇਸ਼ ਕੁਮਾਰ (35) ਸਾਈਕਲ ਉਤੇ ਕੰਮ ਲਈ ਜਾ ਰਿਹਾ ਸੀ, ਇਸ ਦੌਰਾਨ ਇਕ ਕਾਰ ਦੀ ਫੇਟ ਵੱਜਣ ਕਾਰਨ ਉਹ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਘਟਨਾ ਮਗਰੋਂ ਸਥਾਨਕ ਸੁਰੱਖਿਆ ਕਰਮਚਾਰੀ ਅਤੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ, ਜਿਨ੍ਹਾਂ ਨੇ ਐਂਬੂਲਸ ਰਾਹੀਂ ਜ਼ਖ਼ਮੀ ਰਾਕੇਸ਼ ਕੁਮਾਰ ਨੂੰ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾ ਦਿੱਤਾ। ਇਲਾਜ ਦੌਰਾਨ ਰਾਕੇਸ਼ ਨੇ ਦਮ ਤੋੜ ਦਿੱਤਾ।
ਦੱਸ ਦਈਏ ਕਿ ਮ੍ਰਿਤਕ ਰਾਕੇਸ਼ ਕੁਮਾਰ ਪੁੱਤਰ ਗੁਰਦਿਆਲ ਸਿੰਘ ਪਿੰਡ ਭੰਗਲਾਂ ਮਹਿੰਦਪੁਰ ਤਹਿਸੀਲ ਨੰਗਲ ਡੈਮ ਜ਼ਿਲ੍ਹਾ ਰੂਪਨਗਰ ਨਾਲ ਸਬੰਧਤ ਸੀ। ਰਾਕੇਸ਼ ਅਜੇ 20 ਦਿਨ ਪਹਿਲਾਂ ਹੀ ਵਿਆਹ ਕਰਵਾ ਕੇ 11 ਨਵੰਬਰ ਨੂੰ ਇਟਲੀ ਵਾਪਸ ਗਿਆ ਸੀ।






































