ਮੋਹਾਲੀ, 26 ਨਵੰਬਰ | ਅਰਮੇਨੀਆ ਵਿਚ ਪੰਜਾਬ ਦੇ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਰਿੰਦਰ ਸਿੰਘ ਵਾਸੀ ਪਿੰਡ ਸ਼ਾਹਪੁਰ (ਘਟੌਰ) ਜ਼ਿਲਾ ਕੁਰਾਲੀ ਮਾਜਰੀ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰਾਂ ਤੋਂ ਲਾਸ਼ ਨੂੰ ਭਾਰਤ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ।
ਵਰਿੰਦਰ ਦੇ ਵੱਡੇ ਭਰਾ ਰੋਹਿਤ ਸਿੰਘ ਪੁੱਤਰ ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ 2018 ਵਿਚ ਰੁਜ਼ਗਾਰ ਲਈ ਅਰਮੇਨੀਆ ਗਿਆ ਸੀ। ਵਰਿੰਦਰ ਉੱਥੇ ਇੱਕ ਫਾਰਮ ਹਾਊਸ ਵਿਚ ਕੰਮ ਕਰਦਾ ਸੀ। 19 ਨਵੰਬਰ ਨੂੰ ਉਹ ਕੰਮ ‘ਤੇ ਜਾ ਰਿਹਾ ਸੀ ਕਿ ਦੁਪਹਿਰ ਸਮੇਂ ਉਸ ਨੂੰ ਦਿਲ ਦਾ ਦੌਰਾ ਪਿਆ।
ਹਸਪਤਾਲ ਲੈ ਜਾਣ ਤੱਕ ਵਰਿੰਦਰ ਕਰੀਬ ਪੰਜ ਘੰਟੇ ਸੜਕ ‘ਤੇ ਪਿਆ ਰਿਹਾ। ਉਸ ਦੀ ਮੌਤ ਹੋ ਚੁੱਕੀ ਸੀ। ਰੋਹਿਤ ਸਿੰਘ ਨੇ ਪੰਜਾਬ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਵਰਿੰਦਰ ਦੀ ਲਾਸ਼ ਨੂੰ ਪਿੰਡ ਲਿਆਉਣ ਲਈ ਮਦਦ ਕੀਤੀ ਜਾਵੇ। ਰੋਹਿਤ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਇੱਕ ਟਰੈਵਲ ਏਜੰਟ ਨੇ ਵਰਿੰਦਰ ਨੂੰ ਵਿਦੇਸ਼ ਭੇਜਿਆ ਸੀ। ਇਸ ਦੇ ਬਦਲੇ ਉਸ ਤੋਂ ਕਰੀਬ 18 ਲੱਖ ਰੁਪਏ ਲਏ ਗਏ। ਵਰਿੰਦਰ ਨੂੰ ਜਾਪਾਨ ਭੇਜਿਆ ਜਾਣਾ ਸੀ ਪਰ ਉਸਨੂੰ ਅਰਮੇਨੀਆ ਭੇਜ ਦਿੱਤਾ ਗਿਆ। ਉਥੇ ਕਿਹਾ ਗਿਆ ਕਿ ਉਸ ਨੂੰ ਜਾਪਾਨ ਭੇਜ ਦਿੱਤਾ ਜਾਵੇਗਾ ਪਰ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਪਾਨ ਨਾ ਜਾਣ ਕਾਰਨ ਵਰਿੰਦਰ ਕਾਫੀ ਸਮੇਂ ਤੋਂ ਪ੍ਰੇਸ਼ਾਨ ਸੀ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)