ਤਰਨਤਾਰਨ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਛੋਟੀ ਉਮਰ ‘ਚ ਪਿਤਾ ਦੀ ਮੌਤ ਤੋਂ ਬਾਅਦ ਘਰ ਦੇ ਮਾੜੇ ਹਾਲਾਤ ਨੂੰ ਸੁਧਾਰਨ ਲਈ 6 ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਪਿੰਡ ਢੋਟੀਆਂ ਦੇ ਸਰਪੰਚ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਪਿੰਡ ਦੇ ਜੰਮਪਲ ਨਵਜੋਤ ਸਿੰਘ (23) ਪੁੱਤਰ ਨਿਰਵੈਲ ਸਿੰਘ ਦਾ ਕਰੀਬ 8 ਮਹੀਨੇ ਪਹਿਲਾਂ ਰਮਨਦੀਪ ਕੌਰ ਨਾਲ ਵਿਆਹ ਹੋਇਆ ਸੀ, ਜਿਸ ਤੋਂ ਬਾਅਦ ਉਹ ਦੋਵੇਂ ਕਰੀਬ 6 ਮਹੀਨੇ ਪਹਿਲਾਂ ਪਤਨੀ ਸਮੇਤ ਕੈਨੇਡਾ ਦੇ ਬਰੈਂਪਟਨ ਸ਼ਹਿਰ ਚਲੇ ਗਏ ਸੀ।
ਉਨ੍ਹਾਂ ਦੱਸਿਆ ਕਿ ਬਚਪਨ ਵਿਚ ਹੀ ਨਵਜੋਤ ਸਿੰਘ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਸ਼ੁੱਕਰਵਾਰ ਦੁਪਹਿਰ ਨਵਜੋਤ ਸਿੰਘ ਦੀ ਬਾਥਰੂਮ ’ਚ ਨਹਾਉਂਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਸਬੰਧੀ ਸੂਚਨਾ ਨਵਜੋਤ ਸਿੰਘ ਦੀ ਪਤਨੀ ਰਮਨਦੀਪ ਕੌਰ ਨੇ ਘਰ ’ਚ ਫੋਨ ਰਾਹੀਂ ਮਾਤਾ ਜਸਬੀਰ ਕੌਰ ਨੂੰ ਦਿੱਤੀ ਤਾਂ ਉਹ ਬੇਹੋਸ਼ ਹੋ ਗਈ। ਨਵਜੋਤ ਸਿੰਘ ਆਪਣੇ ਪਿੱਛੇ ਮਾਤਾ ਜਸਬੀਰ ਕੌਰ ਅਤੇ ਪਿੰਡ ਬਾਣੀਆਂ ਵਿਖੇ ਵਿਆਹੀ ਭੈਣ ਕੰਵਲਜੀਤ ਕੌਰ ਨੂੰ ਛੱਡ ਗਿਆ ਹੈ। ਮ੍ਰਿਤਕ ਨਵਜੋਤ ਸਿੰਘ ਦੀ ਮਾਂ ਅਤੇ ਭੈਣ ਵੱਲੋਂ ਮ੍ਰਿਤਕ ਦੇਹ ਨੂੰ ਭਾਰਤ ’ਚ ਲਿਆਉਣ ਸਬੰਧੀ ਸਰਕਾਰ ਤੋਂ ਮੰਗ ਕੀਤੀ ਗਈ ਹੈ।