ਜਲੰਧਰ| ਸਥਾਨਕ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਹਿੰਦੀ ਅਤੇ ਪੰਜਾਬੀ ਫਿਲਮਾਂ ਦੇ ਪਲੇਬੈਕ ਗਾਇਕ ਮਾਸਟਰ ਸਲੀਮ ਦੇ ਜੀਜਾ ਰਾਮੇਸ਼ਵਰ ਕਾਲੋਨੀ ਵਾਸੀ ਅਮਨਦੀਪ ਸਿੰਘ ਉਰਫ਼ ਮੋਨੂੰ ਨੂੰ ਦੋ ਹੋਰ ਸਾਥੀਆਂ ਜੌਨ ਕੁਮਾਰ ਉਰਫ਼ ਜਾਨੀ ਵਾਸੀ ਮਾਡਲ ਹਾਊਸ ਅਤੇ ਰਾਜੇਸ਼ ਕੁਮਾਰ ਉਰਫ ਦੇਸੀ ਵਾਸੀ ਮਾਤਾ ਰਾਣੀ ਚੌਕ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਤਿੰਨ ਮੋਟਰਸਾਈਕਲ, ਚਾਰ ਸਾਈਕਲ, ਦੋ ਐਲਸੀਡੀ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਗਾਇਕ ਮਾਸਟਰ ਸਲੀਮ ਦੇ ਚਾਚੇ ਦੀ ਲੜਕੀ ਦਾ ਵਿਆਹ ਅਮਨਦੀਪ ਸਿੰਘ ਨਾਲ ਹੋਇਆ ਸੀ। ਅਮਨਦੀਪ ਲੰਬੇ ਸਮੇਂ ਤੋਂ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਸੀ। ਉਸ ਖ਼ਿਲਾਫ਼ ਪਹਿਲਾਂ ਵੀ ਜਲੰਧਰ ਅਤੇ ਲੁਧਿਆਣਾ ਵਿੱਚ ਚੋਰੀ ਅਤੇ ਲੁੱਟ-ਖੋਹ ਦੇ ਕੇਸ ਦਰਜ ਹਨ।
ਥਾਣਾ ਇੰਚਾਰਜ ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਪਿਛਲੇ ਦਿਨੀਂ ਰੇਲਵੇ ਰੋਡ ‘ਤੇ ਸਥਿਤ ਚਮਨਲਾਲ ਐਂਡ ਸੰਨਜ਼ ਨਾਂ ਦੇ ਸਾਈਕਲ ਸ਼ੋਅਰੂਮ ਦੇ ਮਾਲਕ ਸੁਸ਼ੀਲ ਸਹਿਗਲ ਵਾਸੀ ਹੈਮਿਲਟਨ ਮੇਅ ਫੇਅਰ ਰੈਜ਼ੀਡੈਂਸੀ ਨੇ ਸ਼ਿਕਾਇਤ ਦਿੱਤੀ ਸੀ ਕਿ ਅਣਪਛਾਤੇ ਵਿਅਕਤੀ ਉਸ ਦੀ ਦੁਕਾਨ ‘ਚੋਂ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ ਹਨ |
ਪੁਲਿਸ ਨੇ ਮਾਮਲਾ ਦਰਜ ਕਰਕੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਤਿੰਨ ਮੋਟਰਸਾਈਕਲ, ਚਾਰ ਸਾਈਕਲ, ਚੱਪਲਾਂ ਦੀਆਂ 35 ਪੇਟੀਆਂ, ਦੋ ਐੱਲਈਡੀ, ਇੱਕ ਸਾਈਕਲ ਦਾ ਪਹੀਆ ਅਤੇ ਸ਼ਟਰ ਉਖਾੜਨ ਲਈ ਰੱਖਿਆ ਇੱਕ ਸੱਬਲ ਬਰਾਮਦ ਕੀਤੀ ਗਈ ਹੈ।
ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਚੋਰੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਜੌਨ ਕੁਮਾਰ ਖ਼ਿਲਾਫ਼ ਤਿੰਨ ਅਤੇ ਰਾਜੇਸ਼ ਕੁਮਾਰ ਖ਼ਿਲਾਫ਼ ਚਾਰ ਕੇਸ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ। ਮੁਲਜ਼ਮ ਅਮਨਦੀਪ ਦਾ ਭਰਾ ਅਰੁਣ ਵੀ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਸੀ ਅਤੇ ਉਸ ਦਾ ਨਾਂ ਵੀ ਪੁਲਿਸ ਨੇ ਲਿਆ ਸੀ ਪਰ ਉਹ ਫ਼ਰਾਰ ਹੋ ਗਿਆ ਸੀ। ਥਾਣਾ ਇੰਚਾਰਜ ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਫ਼ਰਾਰ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।