ਹੁੰਮਸ ਭਰੀ ਗਰਮੀ ਤੋਂ ਪੰਜਾਬੀ ਔਖੇ, ਜਾਣੋਂ ਛੁਟਕਾਰਾ ਕਦੋਂ ਮਿਲ ਰਿਹਾ

0
366

ਲੁਧਿਆਣਾ | ਪੰਜਾਬ ਵਿਚ ਪੈ ਰਹੀ ਹੁੰਮਸ ਦੀ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਦਿਨ ਤੇ ਰਾਤ ਦਾ ਤਾਪਮਾਨ ਸਧਾਰਨ ਨਾਲੋਂ 2 ਡਿਗਰੀ ਜ਼ਿਆਦਾ ਚੱਲ ਰਿਹਾ ਹੈ। ਮੌਸਮ ਵਿਭਾਗ ਪੀਏਯੂ ਦੇ ਮਾਹਿਰ ਡਾ.ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਵੀਰਵਾਰ ਨੂੰ ਦਿਨ ਦਾ ਤਾਪਮਾਨ 36 ਡਿਗਰੀ ਦਰਜ ਕੀਤਾ ਗਿਆ ਜੋ ਕਿ 3 ਡਿਗਰੀ ਸਧਾਰਨ ਨਾਲੋਂ ਵੱਧ ਹੈ।

ਉਹਨਾਂ ਦੱਸਿਆ ਕਿ ਗਰਮੀ ਦਾ ਪ੍ਰਭਾਵ ਵੱਧ ਰਿਹਾ ਹੈ। ਪਰ ਹੁੰਮਸ ਨੇ ਲੋਕਾਂ ਨੂੰ ਜਿਆਦਾ ਪਰੇਸ਼ਾਨ ਕੀਤਾ ਹੋਇਆ ਹੈ। ਅਜੇ ਬਾਰਿਸ਼ ਦੀ ਕੋਈ ਵੀ ਸੰਭਾਵਨਾ ਨਜ਼ਰ ਨਹੀਂ ਆ ਰਹੀ। ਜੇਕਰ ਅਗਸਤ ਮਹੀਨੇ ਦੀ ਗੱਲ ਕਰੀਏ ਤਾਂ ਮੌਨਸੂਨ ਦੀ ਸਥਿਤੀ ਜ਼ਿਆਦਾ ਤਸੱਲੀਬਖਸ਼ ਨਹੀਂ ਰਹੀ ਤੇ ਪੰਜਾਬ ਵਿੱਚ ਸਧਾਰਨ ਨਾਲੋਂ 60 ਫੀਸਦੀ ਵਰਖਾ ਘੱਟ ਰਹੀ।

ਹੁਣ ਵੀ ਲਗਾਤਾਰ 10 ਦਿਨ ਤੋਂ ਕੋਈ ਬਾਰਿਸ਼ ਰਿਕਾਰਡ ਨਹੀਂ ਕੀਤੀ ਗਈ ਜਿਸ ਨਾਲ ਤਾਪਮਾਨ ਲਗਾਤਾਰ ਵੱਧਦਾ ਜਾ ਰਿਹਾ ਹੈ। ਹਵਾ ਵਿੱਚ ਨਮੀਂ ਅਤੇ ਸੂਰਜੀ ਘੰਟੇ ਵੀ ਸਧਾਰਨ ਨਾਲੋਂ ਜ਼ਿਆਦਾ ਚੱਲ ਰਹੇ ਹਨ। ਹਵਾ ਦੀ ਗਤੀ ਵੀ ਸਿਰਫ 2.5 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ ਹੈ ਅਤੇ ਦਿਸ਼ਾ ਵੀ ਜ਼ਿਆਦਾਤਰ ਉੱਤਰ-ਪੱਛਮੀ ਰਹੀ ਹੈ, ਜਿਸ ਨਾਲ ਮਾਨਸੂਨ ਸਰਗਰਮ ਨਹੀ ਹੋ ਰਹੀ ਹੈ। ਆਉਣ ਵਾਲੇ 2-3 ਦਿਨ ਤੋਂ ਬਾਅਦ ਮੌਸਮ ਵਿੱਚ ਤਬਦੀਲੀ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਜਿਸ ਨਾਲ ਗਰਮੀ ਤੋਂ ਥੋੜੀ ਰਾਹਤ ਮਿਲ ਸਕਦੀ ਹੈ।