ਮਨੀਲਾ ‘ਚ ਪੰਜਾਬੀ ਜੋੜੇ ਦੀ ਗੋਲ਼ੀਆਂ ਮਾਰ ਕੇ ਹੱਤਿਆ, 3 ਸਾਲ ਪਹਿਲਾਂ ਹੋਇਆ ਸੀ ਵਿਆਹ

0
1194

ਮਨੀਲਾ/ਗੁਰਾਇਆ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਗੁਰਾਇਆ ਦੇ ਇਕ ਨੌਜਵਾਨ ਤੇ ਉਸਦੀ ਪਤਨੀ ਦਾ ਵਿਦੇਸ਼ ਵਿਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਖਬਰ ਮਿਲਦੇ ਹੀ ਇਲਾਕੇ ਵਿਚ ਸ਼ੋਕ ਪਸਰ ਗਿਆ। ਜਾਣਕਾਰੀ ਮੁਤਾਬਕ ਸੁਖਵਿੰਦਰ ਸਿੰਘ ਬਿੰਦਾ ਉਮਰ 41 ਸਾਲ ਪੁੱਤਰ ਸੰਤੋਖ ਸਿੰਘ ਅਤੇ ਉਸਦੀ ਪਤਨੀ ਕਿਰਨਦੀਪ ਕੌਰ ਉਮਰ 33 ਸਾਲ ਪੁੱਤਰੀ ਗੁਰਦਾਵਰ ਸਿੰਘ ਲੰਬੜਦਾਰ ਵਾਸੀ ਪਿੰਡ ਚਚਰਾੜੀ ਜ਼ਿਲ੍ਹਾ ਜਲੰਧਰ ਦਾ ਮਨੀਲਾ ਵਿਖੇ 25 ਮਾਰਚ ਰਾਤ ਨੂੰ ਉਨ੍ਹਾਂ ਦੇ ਘਰ ਅੰਦਰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਕਿਰਨਦੀਪ ਕੌਰ ਦੇ ਪਿਤਾ ਨੇ ਦੱਸਿਆ ਕਿ ਉਸਦੀ ਬੱਚੀ ਦੇ ਵਿਆਹ ਨੂੰ 3 ਸਾਲ ਹੋਏ ਸਨ। ਉਨ੍ਹਾਂ ਨੂੰ ਕੱਲ ਬਾਅਦ ਦੁਪਹਿਰ ਇਸ ਘਟਨਾ ਬਾਰੇ ਪਤਾ ਲੱਗਾ। ਉਨ੍ਹਾਂ ਨੇ ਪੰਜਾਬ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਬੱਚਿਆਂ ਦੇ ਕਾਤਲਾਂ ਨੂੰ ਸਜ਼ਾ ਦਿਵਾਈ ਜਾਵੇ। ਪਰਿਵਾਰ ਪਿਛਲੇ 19 ਸਾਲਾਂ ਤੋਂ ਮਨੀਲਾ ਵਿਖੇ ਫਾਇਨਾਂਸ ਦਾ ਕਾਰੋਬਾਰ ਕਰ ਰਹੇ ਸਨ। ਜਿੱਥੇ ਮ੍ਰਿਤਕ ਸੁਖਵਿੰਦਰ ਸਿੰਘ ਬਿੰਦਾ ਦਾ ਭਰਾ ਲਖਵੀਰ ਸਿੰਘ, ਭਰਾ ਰਣਜੀਤ ਸਿੰਘ, ਚਾਚਾ ਮਨਜੀਤ ਸਿੰਘ ਅਤੇ ਚਾਚਾ ਬਹਾਦਰ ਸਿੰਘ ਸਾਰੇ ਰਹਿ ਰਹੇ ਹਨ। ਮ੍ਰਿਤਕ ਦੇ ਪਿਤਾ ਸੰਤੋਖ ਸਿੰਘ ਅਤੇ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਅਜੇ ਪੰਜ ਮਹੀਨੇ ਪਹਿਲਾਂ ਹੀ ਮਨੀਲਾ ਵਿਖੇ ਗਈ ਸੀ।

ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਹ ਵੀ ਮਨੀਲਾ ਵਿਖੇ ਹੀ ਰਹਿੰਦਾ ਹੈ ਅਤੇ ਕੁਝ ਸਮਾਂ ਪਹਿਲਾਂ ਪੰਜਾਬ ਪਰਤਿਆ ਹੈ। ਉਸਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਵਿਚ ਆਈ ਵੀਡੀਓ ਤੋਂ ਪਤਾ ਲੱਗਾ ਹੈ ਕਿ ਕਾਤਲ ਉਨ੍ਹਾਂ ਦੇ ਮਨੀਲਾ ਵਿਖੇ ਸਥਿਤ ਘਰ ਵਿਚ ਸ਼ਨੀਵਾਰ ਰਾਤ ਕਰੀਬ 10 ਵਜੇ ਦਾਖਲ ਹੋ ਕੇ ਉਸਦੇ ਭਰਾ ਨਾਲ ਕੁਝ ਸਮਾਂ ਗੱਲਾਂ ਕਰਦਾ ਹੈ ਫਿਰ ਉਸਦੇ ਗੋਲ਼ੀ ਮਾਰ ਦਿੰਦਾ ਹੈ। ਇਸ ਤੋਂ ਬਾਅਦ ਉਸਦੀ ਪਤਨੀ ਕਿਰਨਦੀਪ ਕੌਰ ਜੋ ਕਿ ਗੋਲੀ ਦੀ ਆਵਾਜ਼ ਸੁਣ ਕੇ ਬਾਹਰ ਆਉਂਦੀ ਹੈ ਤਾਂ ਉਸਦੇ ਵੀ ਗੋਲੀਆਂ ਮਾਰ ਦਿੰਦਾ ਹੈ।

ਵੇਖੋ ਵੀਡੀਓ