ਸੂਬੇ ਦੀ ਕੋਵਿਡ ਖਿਲਾਫ ਜੰਗ ਨੂੰ ਹੋਰ ਮਜ਼ਬੂਤ ਕਰਨਗੀਆਂ 7 ਆਟੋਮੈਟਿਕ R.N.A. ਐਕਸਟ੍ਰੈਕਸ਼ਨ ਮਸ਼ੀਨਾਂ

0
558

ਮਸ਼ੀਨਾਂ ਦੀ ਸਥਾਪਨਾ ਨਾਲ ਵਧੇਗੀ ਟੈਸਟਿੰਗ ਸਮਰਥਾ

ਚੰਡੀਗੜ੍ਹ . ਸੂਬੇ ਦੀ ਕੋਵਿਡ ਟੈਸਟਿੰਗ ਸਮਰੱਥਾ ਨੂੰ ਮਜ਼ਬੂਤ ਕਰਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਪਟਿਆਲਾ, ਅੰਮ੍ਰਿਤਸਰ, ਫਰੀਦਕੋਟ ਦੇ ਸਰਕਾਰੀ ਮੈਡੀਕਲ ਕਾਲਜਾਂ ਵਿਚਲੀਆਂ  ਵਾਇਰਲ ਟੈਸਟਿੰਗ ਲੈਬਜ਼ ਅਤੇ ਇਸ ਤੋਂ ਇਲਾਵਾ ਮੋਹਾਲੀ, ਲੁਧਿਆਣਾ ਅਤੇ ਜਲੰਧਰ ਵਿਖੇ ਨਵੀਆਂ ਸਥਾਪਤ ਕੀਤੀਆਂ ਵਾਇਰਲ ਟੈਸਟਿੰਗ ਲੈਬਜ਼ ਲਈ 7 ਆਟੋਮੈਟਿਕ ਆਰ.ਐਨ.ਏ ਐਕਸਟ੍ਰੈਕਸ਼ਨ ਮਸ਼ੀਨਾਂ ਦੀ ਖਰੀਦ ਕੀਤੀ ਜਾਵੇਗੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਬੁੱਧਵਾਰ ਨੂੰ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਸੂਬੇ ਵਿਚ ਕੋਵਿਡ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਅਗਲੇ ਤਿੰਨ-ਚਾਰ ਹਫਤਿਆਂ ਵਿੱਚ ਇਨ੍ਹਾਂ ਮਸ਼ੀਨਾਂ ਦੀ ਖਰੀਦ ਕੀਤੇ ਜਾਣ ਨੂੰ ਹਰੀ ਝੰਡੀ ਦੇ ਦਿੱਤੀ। ਇਹ ਕਦਮ ਚੁੱਕੇ ਜਾਣ ਦਾ ਮਕਸਦ ਸੂਬੇ ਦੀ ਕੋਵਿਡ ਖਿਲਾਫ ‘ਮਿਸ਼ਨ ਫ਼ਤਿਹ’ ਤਹਿਤ ਜੰਗ ਨੂੰ ਮਜ਼ਬੂਤ ਕਰਨ ਲਈ ਟੈਸਟਿੰਗ ਸਮਰੱਥਾ ਨੂੰ ਵਧਾਉਣਾ ਅਤੇ ਇਸ ਮਹਾਂਮਾਰੀ ਨੂੰ ਨੱਥ ਪਾਉਣਾ ਹੈ।

ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ ਕੈਬਨਿਟ ਵੱਲੋਂ ਸਿਹਤ ਖੇਤਰ ਦੀ ਪ੍ਰਬੰਧਨ ਅਤੇ ਖਰੀਦ ਕਮੇਟੀ ਦੁਆਰਾ ਪ੍ਰਵਾਨਿਤ ਥਰਮੋਫਿਸ਼ਰ ਨਿਰਮਿਤ ਕਿੰਗਫਿਸ਼ਰ ਫਲੈਕਸ ਮਾਡਲ ਦੀਆਂ 7 ਆਟੋਮੈਟਿਕ ਆਰ.ਐਨ.ਏ. ਐਕਸਟ੍ਰੈਕਸ਼ਨ ਮਸ਼ੀਨਾਂ ਅਤੇ ਟੈਸਟਿੰਗ ਕਿੱਟਾਂ ਦੀ ਖਰੀਦ ਨੂੰ ਹਰੀ ਝੰਡੀ ਦਿੱਤੀ ਗਈ। ਇਨ੍ਹਾਂ ਮਸ਼ੀਨਾਂ ਅਤੇ ਟੈਸਟਿੰਗ ਕਿੱਟਾਂ ‘ਤੇ ਆਉਣ ਵਾਲਾ ਖਰਚਾ ਸੂਬਾਈ ਆਫ਼ਤ ਪ੍ਰਬੰਧਨ ਫੰਡ ਵਿੱਚੋਂ ਕੀਤਾ ਜਾਵੇਗਾ ਅਤੇ ਸਾਰੀ ਖਰੀਦ ਪ੍ਰਕਿਰਿਆ ਦੀ ਨਿਗਰਾਨੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ ਦੇ ਉਪ-ਕੁਲਪਤੀ ਵੱਲੋਂ ਕੀਤੀ ਜਾਵੇਗੀ।

ਸੂਬੇ ਦੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵੱਲੋਂ ਮਾਰਚ-2020 ਵਿਚ ਹੀ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਦੋ ਵਾਇਰਲ ਟੈਸਟਿੰਗ ਲੈਬਜ਼ ਸਥਾਪਤ ਕੀਤੀਆਂ ਗਈਆਂ ਸਨ। ਉਸ ਤੋਂ ਬਾਅਦ ਅਪ੍ਰੈਲ-2020 ਵਿਚ ਤੀਸਰੀ ਵਾਇਰਲ ਟੈਸਟਿੰਗ ਲੈਬ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਵਿਖੇ ਸਥਾਪਤ ਕੀਤੀ ਗਈ। ਮੁੱਢਲੇ ਦੌਰ ਵਿਚ ਕੋਵਿਡ-19 ਸਬੰਧੀ ਜਾਂਚ ਵਿਚ ਟੈਸਟਿੰਗ ਸਮਰੱਥਾ 40 ਟੈਸਟ ਪ੍ਰਤੀ ਲੈਬ ਪ੍ਰਤੀ ਦਿਨ ਸੀ। ਬਾਅਦ ਵਿਚ ਜਦੋਂ ਵਿਭਾਗ ਨੇ ਨਵੀਆਂ ਮਸ਼ੀਨਾਂ ਸਥਾਪਤ ਕੀਤੀਆਂ ਤਾਂ ਇਹ ਟੈਸਟਿੰਗ ਸਮਰੱਥਾ ਪ੍ਰਤੀ ਲੈਬ ਪ੍ਰਤੀ ਦਿਨ 400 ਤੱਕ ਪਹੁੰਚ ਗਈ।

ਇਸ ਪਿਛੋਂ ਟੈਸਟਿੰਗ ਸਮਰੱਥਾ ਵਿਚ ਉਦੋਂ ਹੋਰ ਵਾਧਾ ਹੋਇਆ ਜਦੋਂ ਤਿੰਨ ਉੱਚ ਪੱਧਰ ਦੀਆਂ ਆਟੋਮੈਟਿਕ ਐਰ.ਐਨ.ਏ. ਮਸ਼ੀਨਾਂ (ਐਮ.ਜੀ.ਆਈ. ਦੁਆਰਾ ਨਿਰਮਿਤ) ਦੀ ਖਰੀਦ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ ਵੱਲੋਂ ਰੁਪਏ 1.5 ਕਰੋੜ ਪ੍ਰਤੀ ਮਸ਼ੀਨ ਦੀ ਦਰ ਨਾਲ ਕੀਤੀ ਗਈ। ਇਸ ਕਦਮ ਨਾਲ ਸਰਕਾਰੀ ਮੈਡੀਕਲ ਕਾਲਜਾਂ ਵਿਚਲੀਆਂ ਤਿੰਨ ਲੈਬਜ਼ ਵਿਚੋਂ ਹਰੇਕ ਵਿਖੇ ਪ੍ਰਤੀ ਲੈਬ ਪ੍ਰਤੀ ਦਿਨ ਟੈਸਟਿੰਗ ਸਮਰੱਥਾ ਵਧ ਕੇ ਤਿੰਨ ਹਜ਼ਾਰ ਟੈਸਟਾਂ ਤੱਕ ਪਹੁੰਚ ਗਈ।

ਪਰ, ਕੋਵਿਡ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਬੀਤੇ 7 ਦਿਨਾਂ ਦੌਰਾਨ ਔਸਤਨ ਨਵੇਂ ਮਾਮਲੇ ਪ੍ਰਤੀਦਿਨ ਦੇ ਹਿਸਾਬ ਨਾਲ 281 ਤੱਕ ਪਹੁੰਚ ਗਏ ਹਨ ਜੋ ਕਿ ਜੂਨ ਮਹੀਨੇ ਦੌਰਾਨ 100 ਸਨ।