ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ, 8ਵੀਂ ਅਤੇ 10ਵੀਂ ਦੇ ਗ੍ਰੇਡਿੰਗ ਦੇ ਆਧਾਰ ‘ਤੇ ਨਤੀਜਿਆਂ ਦਾ ਐਲਾਨ

0
2668

ਚੰਡੀਗੜ੍ਹ. ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਸ਼ੁਕਰਵਾਰ ਨੂੰ ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਗ੍ਰੇਡਿੰਗ ਦੇ ਆਧਾਰ ‘ਤੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਨਤੀਜੇ ਬੋਰਡ ਦੀ ਵੈਬਸਾਈਟ ਅਤੇ www.pseb.ac.in ਅਤੇ  www.indiaresults.com  ‘ਤੇ ਉਪਲਬਧ ਹੋਣਗੇ। ਇਸੇ ਦੌਰਾਨ ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਇਹ ਨਤੀਜੇ ਸਿਰਫ਼ ਰੈਗੂਲਰ/ਰਜਿਸਟਰਡ ਵਿਦਿਆਰਥੀਆਂ ਦੀ ਕੰਟੀਨਿਊਸ ਕੰਪ੍ਰੀਹੈਂਸਿਵ ਇਵੈਲਿਊਏਸ਼ਨ (ਸੀ.ਸੀ.ਈ.) ਦੇ ਆਧਾਰ ’ਤੇ ਜਾਰੀ ਕੀਤੇ ਗਏ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਬੋਰਡ ਵੱਲੋਂ ਓਪਨ ਸਕੂਲ, ਸੁਨਿਹਰੀ ਮੌਕੇ, ਕਾਰਗੁਜ਼ਾਰੀ ਸੁਧਾਰ ਅਤੇ ਵਾਧੂ ਵਿਸ਼ਿਆਂ ਵਾਲੇ ਮੈਟ੍ਰਿਕ ਪੱਧਰ ਦੇ ਵਿਦਿਆਰਥੀਆਂ ਦੇ ਪੇਪਰ ਜਲਦ ਲਏ ਜਾਣਗੇ ਕਿਉਕਿ ਉਨਾਂ ਦੇ ਮੁਲਾਂਕਣ ਲਈ ਸੀ.ਸੀ.ਈ. ਦੀ ਵਿਵਸਥਾ ਨਹੀਂ ਹੁੰਦੀ।

ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਓਪਨ ਸਕੂਲ, ਸੁਨਿਹਰੀ ਮੌਕੇ, ਕਾਰਗੁਜ਼ਾਰੀ ਸੁਧਾਰ ਅਤੇ ਵਾਧੂ ਵਿਸ਼ਿਆਂ ਦੇ ਵਿਦਿਆਰਥੀਆਂ ਦੀਆਂ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਲਦ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਮਾਹੌਲ ਸੁਖਾਵਾਂ ਹੋਣ ‘ਤੇ ਹੀ ਇਨਾਂ ਤੇ ਬਾਰਵੀਂ ਦੀਆਂ ਬਾਕੀ ਰਹਿੰਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕੀਤੀ ਜਾਵੇਗੀ।

ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਇਹ ਨਤੀਜੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦਸ਼ਾਂ ਦੇ ਆਧਾਰ ’ਤੇ ਹੀ ਐਲਾਨੇ ਗਏ ਹਨ। ਉਨਾਂ ਕਿਹਾ ਕਿ ਓਪਨ ਸਕੂਲ ਜਾਂ ਇਨਾਂ ਹੋਰ ਸ਼੍ਰੇਣੀਆਂ ‘ਚ ਸੀ.ਸੀ.ਈ. ਦੇ ਵਿਵਸਥਾ ਨਹੀਂ ਹੁੰਦੀ ਜਿਸ ਕਾਰਨ ਇਨਾਂ ਸ਼੍ਰੇਣੀਆਂ ਅਧੀਨ ਆਉਦੇ ਵਿਦਿਆਰਥੀਆਂ ਦੇ ਪੇਪਰ ਲਏ ਜਾਣੇ ਜ਼ਰੂਰੀ ਹਨ।

ਸਿੰਗਲਾ ਨੇ ਕਿਹਾ ਕਿ ਸਿੱਖਿਆ ਵਿਭਾਗ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਬਾਕੀ ਰਹਿੰਦੀਆਂ ਪ੍ਰੀਖਿਆਵਾਂ ਲੈਣ ਮੌਕੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਲੋੜੀਂਦੀਆਂ ਸਾਰੀਆਂ ਸਾਵਧਾਨੀਆਂ ਵਰਤਣੀਆਂ ਯਕੀਨੀ ਬਣਾਏਗਾ ਤਾਂ ਜੋ ਵਿਦਿਆਰਥੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾਵਾਇਰਸ ਨੂੰ ਲੈ ਕੇ ਸਕੂਲੀ ਗਤੀਵਿਧੀਆਂ ਤੇ ਲਗਾਈਆਂ ਗਈਆਂ ਰੋਕਾਂ ਹਟਾਉਣ ਤੋਂ ਬਾਅਦ ਹੀ ਸੁਰੱਖਿਅਤ ਤਰੀਕੇ ਨਾਲ ਪ੍ਰੀਖਿਆਵਾਂ ਲੈਣ ਲਈ ਡੇਟਸ਼ੀਟ ਜਾਰੀ ਕੀਤੀ ਜਾਵੇਗੀ।