ਜਲੰਧਰ, ਫਿਲੌਰ। ਪੰਜਾਬ ਵਿਚ ਨਸ਼ਾਖੋਰੀ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਆਏ ਦਿਨ ਕਿਤੋਂ ਨਾ ਕਿਤੋਂ ਨਸ਼ੇ ਨਾਲ ਸਬੰਧਤ ਖਬਰਾਂ ਸੁਰਖੀਆਂ ਬਣੀਆਂ ਹੀ ਰਹਿੰਦੀਆਂ ਹਨ।
ਤਾਜ਼ਾ ਮਾਮਲਾ ਫਿਲੌਰ ਨੇੜਲੇ ਗੰਨਾ ਪਿੰਡ ਦਾ ਸਾਹਮਣੇ ਆਇਆ ਹੈ। ਜਿਥੇ ਖੁਦ ਐੱਸਐੱਸਪੀ ਸਵਪਨ ਸ਼ਰਮਾ ਨੇ 600 ਪੁਲਸ ਮੁਲਾਜ਼ਮਾਂ ਨੂੰ ਕੇ ਤੜਕੇ-ਤੜਕੇ ਛਾਪਾਮਾਰੀ ਕੀਤੀ।
ਪੰਜਾਬ ਪੁਲਸ ਵਲੋਂ ਕੀਤੀ ਗਈ ਰੇਡ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਪਿੰਡ ਦੇ ਲਗਭਗ 300 ਲੋਕਾਂ ‘ਤੇ ਐੱਨਡੀਪੀਐੱਸ ਤਹਿਤ ਮਾਮਲੇ ਦਰਜ ਹਨ।
ਅੱਜ ਕੀਤੀ ਰੇਡ ਵਿਚ ਪੁਲਸ ਨੇ 11 ਹੋਰ ਲੋਕਾਂ ਉਤੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਗੰਨਾ ਪਿੰਡ ਵਿਚ ਅੱਜ ਕੀਤੀ ਗਈ ਰੇਡ ਵਿਚ ਤਾਂ ਪੁਲਸ ਨੇ ਗੰਨਾ ਪਿੰਡ ਦੇ ਲੋਕਾਂ ਦੇ ਘਰਾਂ ਦੀਆਂ ਪੇਟੀਆਂ ਤੇ ਦਾਣਿਆਂ ਵਾਲੇ ਡਰੰਮ ਵੀ ਫਰੋਲ ਸੁੱਟੇ।
ਜ਼ਿਕਰਯੋਗ ਹੈ ਕਿ ਲੋਕਾਂ ਦੇ ਡਰੰਮਾਂ ਤੇ ਪੇਟੀਆਂ ਵਿਚੋਂ ਵੀ ਨਸ਼ਾ ਬਰਾਮਦ ਹੋਇਆ ਹੈ। ਗੰਨਾ ਪਿੰਡ ਵਿਚ ਪੰਜਾਬ ਪੁਲਸ ਤੇ ਐੱਸਟੀਐੱਫ ਨੇ ਸਾਂਝਾ ਆਪਰੇਸ਼ਨ ਚਲਾਇਆ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਆਮ ਲੋਕਾਂ ਨੇ ਦੱਸਿਆ ਕਿ ਗੰਨਾ ਪਿੰਡ ਵਿਚ ਨਸ਼ਾ ਵਿਕਣ ਕਾਰਨ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਮੀਡੀਆ ਨੂੰ ਦੱਸਿਆ ਕਿ ਸ਼ਾਮ ਨੂੰ ਪਿੰਡ ਵਿਚੋਂ ਲੰਘਣਾ ਮਤਲਬ ਲੁਧਿਆਣਾ ਦੇ ਚੌੜਾ ਬਾਜ਼ਾਰ ਨੂੰ ਪਾਰ ਕਰਨ ਬਰਾਬਰ ਹੁੰਦਾ ਹੈ।