ਲੌਕਡਾਊਨ ਦੌਰਾਨ ਉਲੰਘਣਾ ਕਰਨ ‘ਤੇ 100 ਕੈਮਿਸਟਾਂ ਦੇ ਲਾਇਸੈਂਸ ਰੱਦ, 25 ਲੱਖ ਰੁਪਏ ਦੀਆਂ ਗੈਰ ਕਾਨੂੰਨੀ ਦਵਾਈਆਂ ਵੀ ਜ਼ਬਤ

0
592

ਚੰਡੀਗੜ੍ਹ. ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਸੂਬੇ ਵਿਚ ਦਵਾਈਆਂ ਦੀ ਢੁਕਵੀਂ ਸਪਲਾਈ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ `ਤੇ ਤਿੱਖੀ ਨਜ਼ਰ ਰੱਖਦਿਆਂ ਪੰਜਾਬ ਦੇ ਫੂਡ ਐਂਡ ਡਰੱਗ ਅਡਮਿਨਿਸਟ੍ਰੇਸ਼ਨ (ਐਫ.ਡੀ.ਏ) ਕਮਿਸ਼ਨਰੇਟ ਵਲੋਂ ਤਾਲਾਬੰਦੀ ਦੌਰਾਨ ਦਵਾਈਆਂ ਸਪਲਾਈ ਕਰਨ ਵਾਲਿਆਂ ਅਤੇ ਡਿਸਟੀਬਿਊਟਰਾਂ `ਤੇ 3200 ਛਾਪੇਮਾਰੀਆਂ ਨੂੰ ਅੰਜਾਮ ਦਿੱਤਾ ਗਿਆ। ਕਮਿਸ਼ਨਰੇਟ ਵੱਲੋਂ 1200 ਨਮੂਨੇ ਵੀ ਲਏ ਗਏ ਅਤੇ 25 ਲੱਖ ਰੁਪਏ ਦੀਆਂ ਨਾਜਾਇਜ਼ ਦਵਾਈਆਂ ਵੀ ਜ਼ਬਤ ਕੀਤੀਆਂ ਗਈਆਂ। ਇਸ ਤੋਂ ਇਲਾਵਾ ਡਰੱਗ ਐਂਡ ਕਾਸਮੈਟਿਕ ਐਕਟ ਦੀਆਂ ਉਲੰਘਣਾ ਕਰਨ ‘ਤੇ 100 ਕੈਮਿਸਟਾਂ ਦੇ ਲਾਇਸੈਂਸ ਵੀ ਮੁਅੱਤਲ ਕੀਤੇ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੇਟ ਫੂਡ ਐਂਡ ਡਰੱਗ ਅਡਮਿਨਿਸਟ੍ਰੇਸ਼ਨ ਕਮਿਸ਼ਨਰ ਕੇ.ਐਸ. ਪੰਨੂੰ ਨੇ ਕਿਹਾ ਕਿ ਐਫ.ਡੀ.ਏ, ਪੰਜਾਬ ਦਾ ਡਰੱਗ ਅਡਮਿਨਿਸਟ੍ਰੇਸ਼ਨ ਵਿੰਗ ਓਵਰਟਾਈਮ ਕੰਮ ਕਰ ਰਿਹਾ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਉੱਚਿਤ ਦਰਾਂ `ਤੇ ਮਿਆਰੀ ਦਵਾਈਆਂ, ਲੜੀਂਦੀਆਂ ਵਸਤਾਂ ਅਤੇ ਖਾਧ ਸਮੱਗਰੀ ਦੀ ਉਪਬਲਬਧਤਾ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਉਦੇਸ਼ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਵੱਲੋਂ 59 ਡਰੱਗ ਕੰਟਰੋਲ ਅਫਸਰਾਂ ਦੀ ਨਿਯੁਕਤੀ ਕੀਤੀ ਗਈ ਹੈ, ਜਿਨ੍ਹਾਂ ਵਿਚ 11 ਨੂੰ ਹਾਲ ਹੀ ਵਿਚ ਭਰਤੀ ਕੀਤਾ ਗਿਆ ਹੈ ਤਾਂ ਜੋ ਸੂਬੇ ਵਿਚ ਦਵਾਈਆਂ ਦੀ ਸਪਲਾਈ `ਤੇ ਚੌਕਸੀ ਵਧਾਈ ਜਾ ਸਕੇ।

ਉਨ੍ਹਾਂ ਅੱਗੇ ਕਿਹਾ ਕਿ 23 ਮਾਰਚ, 2020 ਤੋਂ ਲੈ ਕੇ ਤਾਲਾਬੰਦੀ ਦੌਰਾਨ, ਸਰਕਾਰ ਦੇ ਇਸ ਵਿੰਗ ਨੇ ਸਖਤ ਮਿਹਨਤ ਕੀਤੀ ਤਾਂ ਜੋ ਸਾਰੀਆਂ ਮੈਡੀਕਲ ਦੁਕਾਨਾਂ ਵਿਚ ਲੋੜੀਂਦੀਆਂ ਦਵਾਈਆਂ ਦੇ ਭੰਡਾਰ ਨੂੰ ਕਾਇਮ ਰੱਖਣ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਤੋਂ ਇਲਾਵਾ, ਜਨਤਾ ਦੀ ਸਹੂਲਤ ਲਈ, ਦਵਾਈਆਂ ਘਰ ਘਰ ਪਹੁੰਚਾਉਣ ਦੀ ਵਿਵਸਥਾ ਵੀ ਕੀਤੀ।

ਕਮਿਸ਼ਨਰ ਨੇ ਅੱਗੇ ਕਿਹਾ ਕਿ ਵਿਭਾਗ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ, ਸਰਕਾਰੀ ਵਿਭਾਗਾਂ ਅਤੇ ਹੋਰ ਜਨਤਕ ਖੇਤਰ ਦੀਆਂ ਸੰਸਥਾਵਾਂ ਨੂੰ ਲਗਭਗ 2 ਲੱਖ ਲੀਟਰ ਸੈਨੇਟਾਈਜ਼ਰ ਦੀ ਸਪਲਾਈ ਡਿਸਟਲਰੀ ਰਾਹੀਂ ਮੁਫਤ ਕੀਤੀ ਗਈ, ਜਿਸ ਨੇ ਸਪਲਾਈ ਵਧਾਉਣ ਅਤੇ ਬਾਜ਼ਾਰ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਵਿਚ ਮਦਦ ਕੀਤੀ । ਸੈਨੀਟਾਈਜ਼ਰਜ਼ ਦੀਆਂ ਕੀਮਤਾਂ ਨੂੰ ਭਾਰਤ ਸਰਕਾਰ ਦੁਆਰਾ ਨਿਰਧਾਰਤ ਨਿਯਮਾਂ ਦੇ ਅੰਦਰ ਹੋਣਾ ਯਕੀਨੀ ਬਣਾਇਆ ਗਿਆ।

ਉਨ੍ਹਾਂ ਕਿਹਾ ਕਿ ਪੁਲਿਸ, ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਅਤੇ ਐਫਡੀਏ ਦੀਆਂ ਸਾਂਝੀਆਂ ਟੀਮਾਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ਨੇ ਪੰਜਾਬ ਰਾਜ ਵਿੱਚ ਹੈਂਡ ਸੈਨੀਟਾਈਜ਼ਰਜ਼ / ਹੈਂਡ ਰਬਜ਼ / ਹੈਂਡ ਕਲੀਨਰਜ਼ / ਕੀਟਾਣੂ ਨਾਸ਼ਕਾਂ ਦੀ ਵਾਧੂ ਕੀਮਤ  ਵਸੂਲਣ / ਜਮ੍ਹਾਂਖੋਰੀ ਕਰਨ ਵਾਲੇ ਕੁੱਲ 26 ਕੇਸਾਂ ਦਾ ਪਤਾ ਲਗਾਇਆ।

ਇਸ ਸਖ਼ਤ ਕਾਰਵਾਈ ਦੇ ਨਤੀਜੇ ਵਜੋਂ ਦੋਸ਼ੀਆਂ ਖਿਲਾਫ਼  11 ਐਫਆਈਆਰ ਦਰਜ ਕੀਤੀਆਂ ਗਈਆਂ ਅਤੇ ਬਾਕੀ 15 ਮਾਮਲਿਆਂ ਵਿੱਚ ਜੁਰਮਾਨਾ ਕੀਤਾ ਗਿਆ ਹੈ। ਇਸੇ ਤਰ੍ਹਾਂ ਪੰਜਾਬ ਰਾਜ ਵਿੱਚ ਫੇਸ ਮਾਸਕ ਦੀ ਵਾਧੂ ਕੀਮਤ ਵਸੂਲਣ ਦੇ 10 ਕੇਸ ਪਾਏ ਗਏ ਹਨ, ਜਿਨ੍ਹਾਂ ਵਿੱਚੋਂ ਦੋਸ਼ੀਆਂ ਖਿਲਾਫ 2 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਬਾਕੀ 08 ਮਾਮਲਿਆਂ ਵਿੱਚ ਜੁਰਮਾਨਾ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਕੋਲ ਇੱਕ ਬਿਹਤਰੀਨ ਡਰੱਗ ਟੈਸਟਿੰਗ ਲੈਬਾਰਟਰੀ ਹੈ, ਜਿਸਦੀ ਸਮਰੱਥਾ ਨੂੰ ਪਿਛਲੇ ਤਿੰਨ ਸਾਲਾਂ ਵਿਚ ਨਵੀਨਤਮ ਉਪਕਰਣਾਂ ਅਤੇ ਮਸ਼ੀਨਰੀ ਨਾਲ ਲੈਸ ਕਰਕੇ ਅਤੇ ਵਿਸ਼ਲੇਸ਼ਕਾਂ ਦੀ ਤਾਕਤ ਦੁੱਗਣੀ ਕਰਕੇ ਵਧਾਇਆ ਗਿਆ ਹੈ।