ਸੰਗੀਨ ਜੁਰਮਾਂ ਦੇ ਮੁਲਜ਼ਮਾਂ ਲਈ ਸੁਰੱਖਿਅਤ ਪਨਾਹਗਾਹ ਸਾਬਤ ਹੋ ਰਹੀਆਂ ਹਨ ਪੰਜਾਬ ਦੀਆਂ ਜੇਲ੍ਹਾਂ!

0
1518

ਮੋਹਾਲੀ| ਜਿਉਂ-ਜਿਉਂ ਦੇਸ਼ ਵਿਚ ਅਪਰਾਧੀਆਂ ਦੀ ਗਿਣਤੀ ਵਧ ਰਹੀ ਹੈ ਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ, ਉਸ ਦੇ ਨਾਲ-ਨਾਲ ਸ਼ਾਤਰ ਅਪਰਾਧੀ ਆਪਣੀ ਕਾਰਵਾਈ ਜਾਰੀ ਰੱਖਣ ਦੇ ਕਈ ਰਾਹ ਵੀ ਲੱਭ ਲੈਂਦੇ ਹਨ। ਇਸ ਦੀਆਂ ਕਈ ਤਾਜ਼ਾ ਮਿਸਾਲਾਂ ਵੀ ਸਾਹਮਣੇ ਆਈਆਂ ਹਨ। 

ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਥੇ ਛੋਟੇ ਤੋਂ ਲੈ ਕੇ ਵੱਡੇ ਸਰਗਰਮ ਗੈਂਗਾਂ ਦੀ ਗਿਣਤੀ 70 ਦੇ ਆਸ-ਪਾਸ ਹੈ ਅਤੇ ਇਨ੍ਹਾਂ ਦੇ ਮੈਂਬਰਾਂ ਦੀ ਗਿਣਤੀ 500 ਦੇ ਕਰੀਬ ਹੈ, ਜਿਨ੍ਹਾਂ ਵਿਚੋਂ ਅੱਧੇ ਤੋਂ ਜ਼ਿਆਦਾ ਕਤਲ ਵਰਗੇ ਸੰਗੀਨ ਜੁਰਮਾਂ ਦੇ ਦੋਸ਼ਾਂ ਤਹਿਤ ਜੇਲ੍ਹ ਵਿਚ ਬੰਦ ਹਨ ਪਰ ਉਨ੍ਹਾਂ ਦੇ ਗੁਰਗੇ ਆਪਣੇ ਆਕਾ ਦੀ ਹਦਾਇਤ ‘ਤੇ ਕਾਰਵਾਈਆਂ ਸਰ-ਅੰਜਾਮ ਦੇ ਰਹੇ ਹਨ ਤੇ ਉਹ ਖੁਦ ਜੇਲ੍ਹਾਂ ਅੰਦਰ ਸੁਰੱਖਿਅਤ ਹਨ। 
ਸੂਬੇ ਵਿਚ ਜਿਹੜੇ ਗੈਂਗ ਚਰਚਿਤ ਹਨ ਉਨ੍ਹਾਂ ਵਿਚ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਗੌਂਡਰ ਅਤੇ ਬ੍ਰਦਰਜ਼, ਦਵਿੰਦਰ ਬੰਬੀਹਾ, ਸੁੱਖਾ ਕਾਹਲਵਾਂ, ਜਸਪਾਲ ਭੁੱਲਰ, ਰਾਕੀ, ਬਚਿੱਤਰ ਮੱਲ੍ਹੀ ਆਦਿ ਹਨ। ਇਨ੍ਹਾਂ ‘ਚੋਂ ਕੁੱਝ ਗੈਂਗਾਂ ਦੇ ਮੁਖੀ ਜੇਲ੍ਹ ਦੇ ਅੰਦਰ ਹਨ ਅਤੇ ਕੁਝ ਦਾ ਕਤਲ ਹੋ ਗਿਆ ਹੈ ਪਰ ਇਸ ਦੇ ਬਾਵਜੂਦ ਵਾਪਰ ਰਹੀਆਂ ਅਪਰਾਧਿਕ ਗਤੀਵਿਧੀਆਂ ’ਤੇ ਕਾਬੂ ਨਹੀਂ ਪਾਇਆ ਜਾ ਰਿਹਾ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸੰਗੀਨ ਜੁਰਮਾਂ ਦੇ ਮੁਲਜ਼ਮਾਂ ਲਈ ਜੇਲ੍ਹਾਂ ਸੁਰੱਖਿਅਤ ਪਨਾਹਗਾਹ ਸਾਬਤ ਹੋ ਰਹੀਆਂ ਹਨ।